ਸਰਹਿੰਦ ਨਹਿਰ ‘ਚ ਡਿੱਗੀ ਪ੍ਰਾਈਵੇਟ ਬੱਸ, 8 ਲੋਕਾਂ ਦੀ ਮੌਤ, 11 ਜ਼ਖ਼ਮੀ

ਡੈਸਕ- ਪੰਜਾਬ ਦੇ ਮੁਕਤਸਰ ਦੇ ਕੋਟਕਪੂਰਾ ਰੋਡ ‘ਤੇ ਪਿੰਡ ਝਬੇਲਵਾਲੀ ਨੇੜੇ ਇੱਕ ਨਿੱਜੀ ਕੰਪਨੀ ਦੀ ਬੱਸ ਸਰਹਿੰਦ ਨਹਿਰ ਵਿੱਚ ਡਿੱਗ ਗਈ। ਪੁਲਿਸ ਅਤੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ। ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ। 11 ਲੋਕ ਇਸ ਹਾਦਸੇ ਵਿੱਚ ਜ਼ਖਮੀ ਹੋਏ ਹਨ, ਜਿਨ੍ਹਾਂ ਚੋਂ 2 ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਜਦਕਿ 40 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਹਾਦਸੇ ਦੇ ਸਮੇਂ ਬੱਸ ਵਿੱਚ 60-65 ਯਾਤਰੀ ਸਵਾਰ ਸਨ।

ਘਟਨਾ ਮੰਗਲਵਾਰ ਦੁਪਹਿਰ 1 ਵਜੇ ਦੇ ਕਰੀਬ ਵਾਪਰੀ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਬੱਸ ਦੀ ਰਫਤਾਰ ਤੇਜ਼ ਸੀ। ਬੱਸ ਨਹਿਰ ਦੇ ਕਿਨਾਰੇ ਲੱਗੀ ਲੋਹੇ ਦੀ ਗਰਿੱਲ ਨੂੰ ਤੋੜਦੀ ਹੋਈ ਨਹਿਰ ਵਿੱਚ ਡਿੱਗ ਗਈ । ਐਸਐਸਪੀ ਹਰਮਨਬੀਰ ਸਿੰਘ ਗਿੱਲ ਅਤੇ ਵੱਖ-ਵੱਖ ਥਾਣਿਆਂ ਦੀ ਪੁਲਿਸ ਮੌਕੇ ਤੇ ਗਈ ਅਤੇ ਮਦਦ ਕਾਰਜ ਸ਼ੁਰੂ ਕੀਤੇ। ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੀ ਮੌਕੇ ‘ਤੇ ਪਹੁੰਚ ਗਏ ਹਨ। ਬੱਸ ਮੁਕਤਸਰ ਤੋਂ ਕੋਟਕਪੂਰਾ ਵੱਲ ਜਾ ਰਹੀ ਸੀ।

ਮੁਕਤਸਰ ਹਾਦਸੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਮੁਕਤਸਰ-ਕੋਟਕਪੂਰਾ ਰੋਡ ‘ਤੇ ਇੱਕ ਨਿੱਜੀ ਬੱਸ ਦੇ ਨਹਿਰ ‘ਚ ਡਿੱਗਣ ਦੀ ਦੁਖਦਾਈ ਖ਼ਬਰ… ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ… ਮੈਂ ਹਰ ਪਲ ਬਚਾਅ ਕਾਰਜਾਂ ਦੀ ਜਾਣਕਾਰੀ ਲੈ ਰਿਹਾ ਹਾਂ… ਵਾਹਿਗੁਰੂ ਸਭ ਦਾ ਭਲਾ ਕਰੇ। ਚੰਗੀ ਸਿਹਤ ਪ੍ਰਦਾਨ ਕਰੇ।