ਮੈਕਸੀਕੋ ’ਚ ਡਿੱਗੀ ਚਰਚ ਦੀ ਛੱਤ, 11 ਲੋਕਾਂ ਦੀ ਅਤੇ 60 ਜ਼ਖ਼ਮੀ

Mexico City- ਉੱਤਰੀ ਮੈਕਸੀਕੋ ’ਚ ਐਤਵਾਰ ਰਾਤੀਂ ਇੱਕ ਚਰਚ ਦੀ ਛੱਤ ਡਿੱਗਣ ਕਾਰਨ ਕਰੀਬ 11 ਲੋਕਾਂ ਦੀ ਮੌਤ ਹੋ ਗਈ, ਜਦਕਿ 60 ਹੋਰ ਜ਼ਖ਼ਮੀ ਹੋ ਗਏ। ਮਲਬੇ ’ਚ ਕਰੀਬ 30 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਤਮਲਿਪਾਸ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਛੱਤ ਡਿੱਗਣ ਵੇਲੇ ਲਗਭਗ 100 ਲੋਕ ਚਰਚ ’ਚ ਮੌਜੂਦ ਸਨ।
ਪੁਲਿਸ ਨੇ ਕਿਹਾ ਕਿ ਨੈਸ਼ਨਲ ਗਾਰਡ, ਪੁਲਿਸ, ਸਟੇਟ ਨਾਗਰਿਕ ਸੁਰੱਖਿਆ ਦਫ਼ਤਰ ਅਤੇ ਰੈੱਡ ਕਰਾਸ ਦੀਆਂ ਯੂਨਿਟਾਂ ਲੋਕਾਂ ਨੂੰ ਬਚਾਉਣ ਲਈ ਘਟਨਾ ਵਾਲੀ ਥਾਂ ’ਤੇ ਮੌਜੂਦ ਹਨ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਜ਼ਖ਼ਮੀਆਂ ’ਚ ਚਾਰ ਸਾਲ ਦਾ ਇੱਕ ਬੱਚਾ, ਪੰਜ ਸਾਲ ਦੇ ਤਿੰਨ ਬੱਚੇ ਅਤੇ ਨੌਂ ਸਾਲ ਦੇ ਦੋ ਬੱਚੇ ਸ਼ਾਮਿਲ ਹਨ।
ਰੋਮਨ ਕੈਥੋਲਿਕ ਚਰਚ ਦੇ ਬਿਸ਼ਪ ਜੋਸ ਅਰਮਾਂਡੋ ਨੇ ਕਿਹਾ ਕਿ ਟਾਂਪਿਕੋ ਸ਼ਹਿਰ ਦੇ ਸਯੂਦਾਦ ਮੈਡੇਰੋ ’ਚ ਪੈਰੀਸ਼ੀਅਨ ਸ਼ਾਂਤਾ ਕਰੂਜ ਚਰਚ ’ਚ ਕਈ ਲੋਕ ਖਾਣਾ ਖਾ ਰਹੇ ਸਨ ਕਿ ਇਸੇ ਦੌਰਾਨ ਅਚਾਨਕ ਚਰਚ ਦੀ ਛੱਤ ਡਿੱਗ ਪਈ।
ਸੂਬੇ ਦੇ ਸੁਰੱਖਿਆ ਬੁਲਾਰੇ ਦੇ ਦਫ਼ਤਰ ਨੇ ਕਿਹਾ ਕਿ ਇਸ ਹਾਦਸੇ ਮਗਰੋਂ ਅਜੇ ਤੱਕ 11 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਇਸ ਹਾਦਸੇ ਨੂੰ ਸੰਰਚਨਾਤਮਕ ਅਸਫ਼ਲਤਾ ਕਰਾਰ ਦਿੱਤਾ ਅਤੇ ਕਿਹਾ ਕਿ 60 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ 23 ਲੋਕਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਖ਼ਮੀਆਂ ’ਚੋਂ ਦੋ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ।