Ottawa- ਲਗਭਗ 7 ਮਿਲੀਅਨ ਕੈਨੇਡੀਆਈ ਲੋਕ ਭੋਜਨ ਦੀ ਵਿਵਸਥਾ ਕਰਨ ਲਈ ਸੰਘਰਸ਼ ਕਰ ਰਹੇ ਹਨ ਕਿਉਂਕਿ ਰਹਿਣ ਦੀ ਲਾਗਤ ਅਤੇ ਰਿਹਾਇਸ਼ੀ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਫੂਡ ਬੈਂਕਸ ਕੈਨੇਡਾ ਵਲੋਂ ਜਾਰੀ ਕੀਤੀ ਗਈ ਰਿਪੋਰਟ ’ਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਕੈਨੇਡਾ ’ਚ 2.8 ਮਿਲੀਅਨ ਲੋਕ ਗ਼ਰੀਬੀ ’ਚ ਜੀ ਰਹੇ ਹਨ, ਜਦੋਂਕਿ 7 ਮਿਲੀਅਨ ਲੋਕਾਂ ਦੇ ਕੋਲ ਖਾਣ-ਪੀਣ ਦਾ ਸੰਕਟ ਆਣ ਖੜ੍ਹਾ ਹੋਇਆ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਦੀ 18 ਫ਼ੀਸਦੀ ਆਬਾਦੀ ਭੋਜਨ ਸੰਕਟ ਝੱਲ ਰਹੀ ਹੈ।
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਨੋਵਾ ਸਕੋਸ਼ੀਆ ’ਚ ਹਾਲਾਤ ਸਭ ਤੋਂ ਬੁਰੇ ਹਨ। ਫੂਡ ਬੈਂਕਸ ਦੀ ਇਸ ਰਿਪੋਰਟ ਮੁਤਾਬਕ ਨੇਵਾ ਸਕੋਸ਼ੀਆ ਉਨ੍ਹਾਂ ਲੋਕਾਂ ਨੂੰ ਭੋਜਨ ਮੁਹੱਈਆ ਕਰਾਉਣ ’ਚ ਅਸਫ਼ਲ ਰਿਹਾ ਹੈ, ਜਿਹੜੇ ਗ਼ਰੀਬੀ ’ਚ ਜੀ ਰਹੇ ਹਨ। ਰਿਪੋਰਟ ’ਚ 13 ਮਾਪਦੰਡਾਂ ’ਤੇ ਚਰਚਾ ਕੀਤੀ ਗਈ ਹੈ। ਨੋਵਾ ਸਕੋਸ਼ੀਆ ਸਾਰੇ ਮਾਪਦੰਡਾਂ ’ਚ ਸਭ ਤੋਂ ਹੇਠਲੇ ਸਥਾਨ ’ਤੇ ‘ਐੱਫ.’ ਕੈਟਾਗਰੀ ’ਚ ਰੱਖਿਆ ਗਿਆ ਹੈ। ਮੰਗਲਵਾਰ ਨੂੰ ਪ੍ਰਕਾਸ਼ਿਤ ਕੀਤੀ ਗਈ ਇਸ ਰਿਪੋਰਟ ਮੁਤਾਬਕ ਜਦੋਂ ਗ਼ਰੀਬੀ ਨਾਲ ਨਜਿੱਠਣ ਦੀ ਗੱਲ ਆਉਂਦੀ ਹੈ ਤਾਂ ਵਧੇਰੇ ਕੈਨੇਡੀਅਨ ਸੂਬਿਆਂ ਨੂੰ ‘ਡੀ’ ਰੈਂਕ ਪ੍ਰਾਪਤ ਹੋਇਆ ਹੈ।
ਰਿਪੋਰਟ ’ਚ ਹਰੇਕ ਸੂਬੇ ਨੂੰ ਚਾਰ ਪ੍ਰਮੁੱਖ ਸ਼੍ਰੇਣੀਆਂ ਗ਼ਰੀਬੀ ਦਾ ਅਨੁਭਵ, ਗਰੀਬੀ ਦੇ ਉਪਾਅ, ਸਮੱਗਰੀ ਦੀ ਕਮੀ ਅਤੇ ਵਿਧਾਨਕਿ ਤਰੱਕੀ ’ਤੇ ਧਿਆਨ ਕੇਂਦਰਿਤ ਕਰਕੇ ਇੱਕ ਗਰੇਡ ਦਿੱਤਾ ਗਿਆ ਹੈ। ਫੂਡ ਬੈਂਕਸ ਦੀ ਇਸ ਰਿਪੋਰਟ ਮੁਤਾਬਕ ਕੈਨੇਡਾ ’ਚ ਲੋਕਾਂ ਨੂੰ ਰਿਹਾਇਸ਼ ਲਈ ਆਪਣੀ ਆਮਦਨ ਦਾ 30 ਫ਼ੀਸਦੀ ਤੋਂ ਵਧੇਰੇ ਹਿੱਸਾ ਖ਼ਰਚ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੀ ਤੁਲਨਾ ’ਚ ਦੇਸ਼ ਅੰਦਰ ਮਹਿੰਗਾਈ, ਗ਼ਰੀਬੀ, ਭੋਜਨ ਦਾ ਸੰਕਟ ਅਤੇ ਬੇਰੁਜ਼ਗਾਰੀ ਵਧੀ ਹੈ।
ਦੱਸਣਯੋਗ ਹੈ ਕਿ ਫੂਡ ਬੈਂਕਸ ਦੀ ਇਹ ਰਿਪੋਰਟ ਅਜਿਹੇ ਸਮੇਂ ’ਚ ਆਈ ਹੈ, ਜਦੋਂ ਅਗਸਤ ਮਹੀਨੇ ਦੌਰਾਨ ਕੈਨੇਡਾ ’ਚ ਮਹਿੰਗਾਈ ਦੀ ਦਰ ਵੱਧ ਕੇ 4 ਫ਼ੀਸਦੀ ਹੋ ਗਈ ਸੀ ਅਤੇ ਸਟੈਟਿਸਟਿਕ ਕੈਨੇਡਾ ਮੁਤਾਬਕ ਇਸ ’ਚ ਸਭ ਤੋਂ ਵੱਧ ਯੋਗਦਾਨ ਗੈਸ ਦੀਆਂ ਕੀਮਤਾਂ ਨੇ ਪਾਇਆ। ਇੰਨਾ ਹੀ ਨਹੀਂ, ਖਾਣ-ਪੀਣ ਦੀਆਂ ਚੀਜ਼ਾਂ ਦੀ ਕੀਮਤਾਂ ’ਚ ਹੋ ਰਹੇ ਲਗਾਤਾਰ ਵਾਧੇ ਦੇ ਚੱਲਦਿਆਂ ਪਿਛਲੇ ਹਫ਼ਤੇ ਓਟਾਵਾ ’ਚ ਇਕ ਸਿਖਰ ਸੰਮੇਲਨ ਦੌਰਾਨ ਫੈਡਰਲ ਸਰਕਾਰ ਨੇ ਕੈਨੇਡਾ ਦੇ ਚੋਟੀ ਦੇ ਕਰਿਆਨਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੀਮਤਾਂ ਨੂੰ ਕਾਬੂ ਹੇਠ ਕਰਨ ਦੀ ਅਪੀਲ ਕੀਤੀ।
ਆਪਣੀ ਇਸ ਰਿਪੋਰਟ ’ਚ ਫੂਡ ਬੈਂਕਸ ਨੇ ਸਰਕਾਰ ਨੂੰ ਸਾਰੇ ਪੱਧਰਾਂ ’ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਅਤੇ ਕਈ ਨੀਤੀਗਤ ਸਿਫ਼ਾਰਿਸ਼ਾਂ ਪੇਸ਼ ਕੀਤੀਆਂ ਹਨ, ਜਿਵੇਂ ਕਿ ਸਵਦੇਸ਼ੀ ਭਾਈਚਾਰਿਆਂ ਨਾਲ ਸਹਿਯੋਗ ਕਰਨਾ ਅਤੇ ਰੁਜ਼ਗਾਰ ਬੀਮਾ ਦੇ ਅੰਦਰ ਇੱਕ ਨਵਾਂ ਪ੍ਰੋਗਰਾਮ ਵਿਕਸਿਤ ਕਰਨਾ, ਜਿਹੜਾ ਕਿ ਵਿਸ਼ੇਸ਼ ਤੌਰ ’ਤੇ ਬਜ਼ੁਰਗ ਕਾਮਿਆਂ ਦਾ ਸਹਾਇਤਾ ਕਰਦਾ ਹੈ।