Calgary- ਬੁੱਧਵਾਰ ਨੂੰ ਕੈਲਗਰੀ ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ’ਚ ਕੈਲਗਰੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਦੁਪਹਿਰ ਨੂੰ ਏਅਰਪੋਰਟ ਰੋਡ ਐਨ.ਈ. ’ਤੇ ਗੋਲੀ ਚੁੱਲਣ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਮਗਰੋਂ ਜ਼ਖ਼ਮੀ ਹੋਏ ਦੋ ਲੋਕਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਉੱਧਰ ਐਕਸ ’ਤੇ ਇੱਕ ਪੋਸਟਿੰਗ ’ਚ, ਕੈਲਗਰੀ ਏਅਰਪੋਰਟ ਨੇ ਕਿਹਾ ਕਿ ਇਹ ਘਟਨਾ ਸੈਲਫੋਨ ਪਾਰਕਿੰਗ ਲਾਟ ਦੇ ਨੇੜੇ ਵਾਪਰੀ, ਜਿਹੜੀ ਕਿ ਦੋਸਤਾਂ ਜਾਂ ਪਰਿਵਾਰਾਂ ਦੇ ਉਤਰਨ ਦੇ ਇੰਤਜ਼ਾਰ ਦੌਰਾਨ ਡਰਾਈਵਰਾਂ ਲਈ ਪਾਰਕ ਕਰਨ ਲਈ ਇੱਕ ਮੁਫਤ ਖੇਤਰ ਹੈ।
ਪੁਲਿਸ ਨੇ ਦੱਸਿਆ ਕਿ ਦੋ ਵੱਖ-ਵੱਖ ਕਾਰਾਂ ’ਚ ਸਵਾਰ ਲੋਕਾਂ ਵਿਚਾਲੇ ਝਗੜਾ ਹੋਇਆ, ਜਿਸ ’ਤੇ ਦੋਹਾਂ ਕਾਰਾਂ ਦੇ ਯਾਤਰੀ ਆਪਣੇ ਵਾਹਨਾਂ ’ਚੋਂ ਬਾਹਰ ਨਿਕਲ ਗਏ ਅਤੇ ਗੋਲੀਆਂ ਚਲਾਈਆਂ ਗਈਆਂ। ਸੀਪੀਐਸ ਦੇ ਬੁਲਾਰੇ ਨੇ ਕਿਹਾ ਕਿ ਸ਼ੱਕੀ ਸ਼ੂਟਰ ਨੂੰ ਪੁਲਿਸ ਨੇ ਪਹੁੰਚਣ ’ਤੇ ਤੁਰੰਤ ਹਿਰਾਸਤ ’ਚ ਲੈ ਲਿਆ। ਇਕ ਹੋਰ ਸ਼ੱਕੀ, ਜਿਸ ਨੂੰ ਵੀ ਇਸ ਗੋਲੀਬਾਰੀ ’ਚ ਸ਼ਾਮਿਲ ਮੰਨਿਆ ਜਾਂਦਾ ਸੀ ਪਰ ਉਸ ਕੋਲ ਹਥਿਆਰ ਨਹੀਂ ਸੀ, ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਦਾ ਪਿੱਛਾ ਕੀਤਾ। ਉਹ ਵਿਅਕਤੀ ਵੀ ਹਿਰਾਸਤ ’ਚ ਹੈ।
ਪੁਲਿਸ ਨੇ ਕਿਹਾ ਕਿ ਘਟਨਾ ਵਾਲੀ ਥਾਂ ’ਤੇ ਕਈ ਗਵਾਹ ਮੌਜੂਦ ਸਨ ਜਿਨ੍ਹਾਂ ਨੇ ਘਟਨਾ ਨੂੰ ਵਾਪਰਦਾ ਦੇਖਿਆ। ਇੰਨਾ ਹੀ ਨਹੀਂ, ਇੱਕ ਵਿਅਕਤੀ ਵਲੋਂ ਇਸ ਘਟਨਾ ਦੀ ਵੀਡੀਓ ਵੀ ਬਣਾਈ ਗਈ ਹੈ। ਸੀਪੀਐਸ ਦੇ ਬੁਲਾਰੇ ਨੇ ਕਿਹਾ ਕਿ ਇਹ ਗੋਲੀਬਾਰੀ ਜਨਤਕ ਸੁਰੱਖਿਆ ਲਈ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਸੀ ਅਤੇ ਇਹ ਹਵਾਈ ਅੱਡੇ ਦੇ ਬਾਹਰ ਹੋਈ। ਹਵਾਈ ਅੱਡੇ ਦੇ ਅੰਦਰ ਕੁਝ ਵੀ ਨਹੀਂ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਅਸੀਂ ਅਜੇ ਵੀ ਉਦੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।