Ottawa- ਬੈਂਕ ਆਫ਼ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰ ’ਚ ਕੋਈ ਵਾਧਾ ਨਹੀਂ ਕੀਤਾ ਅਤੇ ਇਸਨੂੰ 5% ‘ਤੇ ਬਰਕਰਾਰ ਰੱਖਿਆ ਹੈ। ਇਹ ਲਗਾਤਾਰ ਦੂਸਰੀ ਵਾਰੀ ਹੈ ਜਦੋਂ ਕੇਂਦਰੀ ਬੈਂਕ ਨੇ ਵਿਆਜ ਦਰਾਂ ਨੂੰ ਮੌਜੂਦਾ ਪੱਧਰ ‘ਤੇ ਬਰਕਰਾਰ ਰੱਖਿਆ ਹੋਵੇ। ਜੀਡੀਪੀ, ਨੌਕਰੀਆਂ ਅਤੇ ਮਹਿੰਗਾਈ ਦਰ ਦੇ ਅੰਕੜਿਆਂ ਨੂੰ ਦੇਖ, ਆਰਥਿਕਤਾ ਦੇ ਠੰਡੇ ਪੈਣ ਦੇ ਸੰਕੇਤਾਂ ਦੇ ਚੱਲਦਿਆਂ, ਅਰਥਸ਼ਾਤਰੀਆਂ ਅਤੇ ਨਿਵੇਸ਼ਕਾਂ ਨੇ ਬੈਂਕ ਵਲੋਂ ਵਿਆਜ ਦਰ ’ਚ ਵਾਧਾ ਨਾ ਹੋਣ ਦੀ ਹੀ ਉਮੀਦ ਜਤਾਈ ਸੀ।
ਕੇਂਦਰੀ ਬੈਂਕ ਸਾਲ ’ਚ ਅੱਠ ਵਾਰੀ ਵਿਆਜ ਦਰਾਂ ਤੈਅ ਕਰਦਾ ਹੈ, ਜੋ ਕਿ ਰਿਟੇਲ ਬੈਂਕਾਂ ਵਲੋਂ ਦਿੱਤੇ ਜਾਣ ਵਾਲੇ ਥੋੜੇ ਸਮੇਂ ਦੇ ਲੋਨਾਂ ਦੀ ਦਰ ਨੂੰ ਪ੍ਰਭਾਵਿਤ ਕਰਦੀਆਂ ਹਨ।
ਭਖਦੀ ਅਰਥਵਿਵਸਥਾ ਯਾਨੀ ਓਵਰਹੀਟਿੰਗ ਦੇ ਸਮੇਂ ਬੈਂਕ ਵਿਆਜ ਦਰਾਂ ਵਧਾ ਦਿੰਦਾ ਹੈ ਤਾਂ ਕਿ ਮਹਿੰਗਾਈ ‘ਤੇ ਕਾਬੂ ਪਾਇਆ ਜਾ ਸਕੇ। ਓਵਰਹੀਟਿੰਗ ਦੇ ਹਾਲਾਤ ਉਦੋਂ ਪੈਦਾ ਹੁੰਦੇ ਹਨ ਜਦੋਂ ਆਰਥਿਕਤਾ ’ਚ ਉਤਪਾਦਨ ਸਮਰੱਥਾ ਮੰਗ ਦੇ ਹਿਸਾਬ ਨਾਲ ਵਧ ਨਹੀਂ ਪਾਉਂਦੀ।
ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ’ਚ ਅਰਥਵਿਵਸਥਾ ਨੂੰ ਲੀਹ ‘ਤੇ ਰੱਖਣ ਲਈ ਬੈਂਕ ਨੇ ਵਿਆਜ ਦਰਾਂ ’ਚ ਕਟੌਤੀ ਕਰਨ ਮਗਰੋਂ ਸਾਲ 2022 ’ਚ ਮਹਿੰਗਾਈ ਨੂੰ ਕਾਬੂ ਹੇਠ ਕਰਨ ਲਈ ਵਿਆਜ ਦਰਾਂ ਨੂੰ ਹਮਲਾਵਰ ਰੂਪ ’ਚ ਵਧਾਉਣਾ ਸ਼ੁਰੂ ਕੀਤਾ, ਜੋ ਕਿ ਪਿਛਲੇ 40 ਸਾਲਾਂ ’ਚ ਇਸ ਦੇ ਸਭ ਤੋਂ ਉੱਪਰਲੇ ਪੱਧਰ ’ਤੇ ਪਹੁੰਚ ਗਈਆਂ ਸਨ।
ਡੇਢ ਸਾਲ ’ਚ ਤਕਰੀਬਨ ਜ਼ੀਰੋ ਤੋਂ 5 ਫ਼ੀਸਦੀ ਤੱਕ ਵਿਆਜ ਦਰਾਂ ਲਿਜਾਣ ਨੇ ਖ਼ਰਚਿਆਂ ਨੂੰ ਬ੍ਰੇਕਾਂ ਲਾ ਦਿੱਤੀਆਂ ਹਨ ਅਤੇ ਕਰਜ਼ਾ ਲੈਣਾ ਮਹਿੰਗਾ ਬਣਾ ਦਿੱਤਾ ਹੈ। ਮਹਿੰਗਾਈ ਦਰ 2022 ਦੀਆਂ ਗਰਮੀਆਂ ਦੌਰਾਨ 8.1% ‘ਤੇ ਰਿਕਾਰਡ ਪੱਧਰ ਤੋਂ ਘਟ ਕੇ ਸਤੰਬਰ ਮਹੀਨੇ 3.8% ਦਰਜ ਹੋਈ ਹੈ। ਬੈਂਕ ਦੇ ਦ੍ਰਿਸ਼ਟੀਕੋਣ ਤੋਂ, ਮਹਿੰਗਾਈ ਸਹੀ ਦਿਸ਼ਾ ਵੱਲ ਜਾ ਰਹੀ ਜਾਪਦੀ ਹੈ, ਪਰ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਉਸਨੂੰ ਨਹੀਂ ਲੱਗਦਾ ਕਿ ਮਹਿੰਗਾਈ ਅਜੇ ਪੂਰੀ ਤਰ੍ਹਾਂ ਖ਼ਤਮ ਹੋਈ ਹੈ।
ਬੈਂਕ ਦਾ ਅਨੁਮਾਨ ਹੈ ਕਿ 2025 ਤੱਕ ਆਰਥਿਕਤਾ ਇੰਨੀ ਕੁ ਠੰਡੀ ਹੋ ਜਾਵੇਗੀ ਕਿ ਮਹਿੰਗਾਈ ਦਰ 2% ਦੇ ਟੀਚੇ ‘ਤੇ ਆ ਜਾਵੇਗੀ। ਇਹ ਪੂਰਵ ਅਨੁਮਾਨ ਸੁਝਾਅ ਦਿੰਦਾ ਹੈ ਕਿ ਅਜਿਹਾ ਹੋਣ ਤੱਕ ਸ਼ਾਇਦ ਬੈਂਕ ਵਿਆਜ ਦਰ ’ਚ ਵਾਧਾ ਨਹੀਂ ਕਰੇਗਾ।