ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੂੰ ‘ਕੌਮੀ ਨੁਕਸਾਨ’ ਐਲਾਨਦੇ ਹੋਏ ਰਾਹਤ ਪੈਕੇਜ ਦੀ ਮੰਗ

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਸਮੇਤ ਉੱਤਰੀ ਭਾਰਤ ਵਿਚ ਬੀਤੀ ਰਾਤ ਤੋਂ ਹੋ ਰਹੀ ਭਾਰੀ ਬਰਸਾਤ ਅਤੇ ਗੜੇਮਾਰੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਨੂੰ ਕਿਸਾਨਾਂ ਦੀ ਤਬਾਹੀ ਕਰਾਰ ਦਿੱਤਾ ਹੈ।

ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਨੂੰ ‘ਕੌਮੀ ਨੁਕਸਾਨ’ ਐਲਾਨਦੇ ਹੋਏ ਰਾਹਤ ਪੈਕੇਜ ਦਾ ਤੁਰੰਤ ਐਲਾਨ ਕਰੇ। ਉਨ੍ਹਾਂ ਆਖਿਆ ਕਿ, ਪੰਜਾਬ ’ਚ ਝੋਨੇ ਦੀ ਕੁੱਲ ਪੈਦਾਵਾਰ ਕਰੀਬ 185 ਲੱਖ ਮੀਟਰਕ ਟਨ ਫ਼ਸਲ ਵਿੱਚੋਂ ਸਿਰਫ ਤੀਜਾ ਹਿੱਸਾ 65 ਲੱਖ ਮੀਟਰਕ ਟਨ ਫ਼ਸਲ ਦੀ ਹੀ ਖਰੀਦ ਹੋਈ ਹੈ, ਜਦਕਿ ਖੇਤਾਂ ਵਿਚ ਪੱਕ ਕੇ ਤਿਆਰ ਖੜੀ ਕਰੀਬ 120 ਲੱਖ ਮੀਟਰਕ ਟਨ ਫਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ।

ਉਨ੍ਹਾਂ ਦੱਸਿਆ ਕਿ ਸੂਬੇ ਵਿਚ ਭਾਰੀ ਬਰਸਾਤ ਦੇ ਨਾਲ-ਨਾਲ ਹੋਈ ਗੜੇਮਾਰੀ ਨੇ ਫ਼ਸਲਾਂ ਨੂੰ ਝੰਬ ਕੇ ਰੱਖ ਦਿੱਤਾ ਹੈ, ਤੇ ਤਿਆਰ ਖੜੀਆਂ ਫ਼ਸਲਾਂ ਡਿੱਗਣ ਕਾਰਨ 100 ਫੀਸਦੀ ਨੁਕਸਾਨੀਆਂ ਗਈਆਂ ਹਨ।

ਇਸ ਨਾਲ ਕਿਸਾਨਾਂ ਦਾ ਪ੍ਰਤੀ ਏਕੜ 60 ਹਜ਼ਾਰ ਰੁਪਏ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਵੀ ਨੁਕਸਾਨ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ਈ ਹਨ, ਉਪਰੋਂ ਬੇਮੌਸਮੀ ਬਾਰਸ਼ ਅਤੇ ਗੜੇਮਾਰੀ ਨਾਲ ਫਸਲਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ। ਮੰਡੀਆਂ ’ਚ ਵੀ ਪਾਣੀ ਭਰਨ ਕਾਰਨ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ।

ਟੀਵੀ ਪੰਜਾਬ ਬਿਊਰੋ