ਕੋਰੋਨਾ ਦੇ ਨਵੇਂ ਰੂਪ ਨੇ ਵਧਾਈ ਚਿੰਤਾ

Vancouver – ਕੋਰੋਨਾ ਵਾਇਰਸ ਦਾ ਨਵਾਂ ਰੂਪ ਮਿਲਣ ਤੋਂ ਬਾਅਦ ਹੁਣ ਇਕ ਵਾਰ ਫ਼ਿਰ ਤੋਂ ਚਿੰਤਾ ਵੱਧਦੀ ਹੋਈ ਦਿਖਾਈ ਦੇ ਰਹੀ ਹੈ। ਇਹ ਸਵਾਲ ਵੀ ਉੱਠ ਰਿਹਾ ਹੈ ਕਿ ਕੀ ਹੁਣ ਅਮਰੀਕਾ ਵੱਲੋਂ ਕੈਨੇਡਾ ਨਾਲ ਬਾਰਡਰ ਬੰਦ ਕੀਤਾ ਜਾਵੇਗਾ ? ਇਸ ਦਾ ਜਵਾਬ ਅਮਰੀਕਾ ਵਾਲੇ ਪਾਸੇ ਤੋਂ ਸਾਹਮਣੇ ਆਇਆ ਹੈ। ਇਸ ਬਾਰੇ ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਓਮੀਕਰੌਨ ਵੇਰੀਐਂਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫ਼ਿਲਹਾਲ ਯੂ ਐਸ ਦੀ ਕੈਨੇਡਾ ਦੇ ਨਾਲ ਲੱਗਦੇ ਬਾਰਡਰ ‘ਤੇ ਰੋਕਾਂ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ। ਇਸ ਬਾਰੇ ਅਮਰੀਕੀ ਰਾਸ਼ਟਰਪਤੀ ਦੇ ਬੁਲਾਰੇ ਨੇ ਪ੍ਰੈਸ ਬ੍ਰੀਫ਼ਿੰਗ ‘ਚ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੂੰ ਬਾਰਡਰ ਦੇ ਸੰਬੰਧ ‘ਚ ਸਵਾਲ ਪੁੱਛਿਆ ਗਿਆ ਸੀ। ਇਸ ਦੌਰਾਨ ਜੇਨ ਜ਼ਾਕੀ ਨੇ ਕਿਹਾ, ਯਾਤਰਾ ਪਾਬੰਦੀਆਂ ਨਾਲ ਸਬੰਧਤ ਰਾਸ਼ਟਰਪਤੀ ਦੇ ਫ਼ੈਸਲੇ ਹੈਲਥ ਅਤੇ ਮੈਡਿਕਲ ਟੀਮ ਦੀਆਂ ਸਿਫ਼ਾਰਸ਼ਾਂ ‘ਤੇ ਅਧਾਰਤ ਹੋਣਗੇ। ਫ਼ਿਲਹਾਲ ਉਹਨਾਂ ਵੱਲੋਂ ਅਜਿਹੀ ਕੋਈ ਸਿਫ਼ਾਰਿਸ਼ ਨਹੀਂ ਕੀਤੀ ਗਈ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਦੀ ਸਮੀਖਿਆ ਕਰਦੇ ਰਹਿਣਗੇ ਕਿ ਅਮਰੀਕੀ ਲੋਕਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ ।
ਦੱਸ ਦਈਏ ਕਿ ਕੈਨੇਡਾ ‘ਚ ਵੀ ਕੋਰੋਨਾ ਦੇ ਨਵੇਂ ਰੂਪ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਥੇ ਕਿਉਬੈਕ,ਔਟਵਾ, ਐਲਬਰਟਾ ਅਤੇ ਸੰਭਾਵੀ ਤੌਰ ‘ਤੇ ਹੈਮਿਲਟਨ ਵਿਚ ਨਵੇਂ ਵੇਰੀਐਂਟ ਦੇ ਮਾਮਲੇ ਸਾਹਮਣੇ ਆਏ ਹਨ। ਕੈਨੇਡਾ ਅਤੇ ਯੂ ਐਸ ਸਮੇਤ ਕਈ ਦੇਸ਼ਾਂ ਨੇ, ਇਸ ਨਵੇਂ ਕੋਵਿਡ ਵੇਰੀਐਂਟ ਤੋਂ ਬਾਅਦ, ਕਈ ਅਫ਼ਰੀਕੀ ਦੇਸ਼ਾਂ ਤੋਂ ਯਾਤਰਾ ‘ਤੇ ਰੋਕ ਲਗਾ ਦਿੱਤੀ ਹੈ। ਕੁਝ ਹਫ਼ਤੇ ਪਹਿਲਾਂ ਹੀ ਯੂ ਐਸ ਨੇ ਨੌਨ-ਅਸੈਂਸ਼ੀਅਲ ਯਾਤਰਾ ਲਈ ਰੋਕਾਂ ਵਿਚ ਢਿੱਲ ਦਿੱਤੀ ਹੈ ਅਤੇ ਕੈਨੇਡਾ ਨੇ ਵੀ ਹਾਲ ਹੀ ਵਿਚ ਕੁਝ ਯਾਤਰੀਆਂ ਲਈ ਟੈਸਟਿੰਗ ਨਿਯਮਾਂ ਵਿਚ ਰਾਹਤ ਦਾ ਐਲਾਨ ਕੀਤਾ ਸੀ।