ਡੈਸਕ- ਪੰਜਾਬ ‘ਚ ਸੰਘਣੀ ਧੁੰਦ ਵਿਚਾਲੇ ਕੋਲਡ-ਡੇ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੋਲਡ-ਡੇ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ.ਸਿੰਘ ਮੁਤਾਬਕ ਕੋਲਡ-ਡੇ ਉਦੋਂ ਹੁੰਦਾ ਹੈ ਜਦੋਂ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਪਹੁੰਚ ਜਾਂਦਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਆਮ ਨਾਲੋਂ 4.5 ਡਿਗਰੀ ਤੋਂ 6.4 ਡਿਗਰੀ ਸੈਲਸੀਅਸ ਤੱਕ ਦੀ ਕਮੀ ਦਰਜ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਵਿੱਚ ਬਹੁਤ ਸੰਘਣੀ ਧੁੰਦ ਦੇ ਨਾਲ ਕੋਲਡ ਡੇ ਰਹਿਣਗੇ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਕਾਰਨ ਸੂਰਜ ਦੀਆਂ ਕਿਰਨਾਂ ਜ਼ਮੀਨ ਤੱਕ ਨਹੀਂ ਪਹੁੰਚ ਪਾਉਂਦੀਆਂ, ਜਿਸ ਕਾਰਨ ਧੁੰਦ ਦਾ ਪ੍ਰਭਾਵ ਘੱਟ ਨਹੀਂ ਹੁੰਦਾ ਅਤੇ ਠੰਡ ਵਧ ਜਾਂਦੀ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਪੰਜਾਬ ‘ਚ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਪੰਜਾਬ ਦੇ 16 ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਰੂਪਨਗਰ ਅਤੇ ਪਟਿਆਲਾ ਬੇਹੱਦ ਸੰਘਣੀ ਧੁੰਦ ਨਾਲ ਪ੍ਰਭਾਵਿਤ ਹੋਣਗੇ।
ਦੂਜੇ ਪਾਸੇ ਵੀਰਵਾਰ ਨੂੰ ਬੇਹੱਦ ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ‘ਚ ਜ਼ੀਰੋ ਵਿਜ਼ੀਬਿਲਟੀ, ਪਟਿਆਲਾ ‘ਚ ਸਿਰਫ 10 ਮੀਟਰ, ਲੁਧਿਆਣਾ ‘ਚ 20 ਮੀਟਰ ਅਤੇ ਆਦਮਪੁਰ, ਬਠਿੰਡਾ, ਪਠਾਨਕੋਟ ਅਤੇ ਹਲਵਾਰਾ ‘ਚ 50 ਮੀਟਰ ਤੋਂ ਘੱਟ ਵਿਜ਼ੀਬਿਲਟੀ ਦਰਜ ਕੀਤੀ ਗਈ। ਐਸਬੀਐਸ ਨਗਰ ਵਿੱਚ ਵੀਰਵਾਰ ਨੂੰ ਸਭ ਤੋਂ ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਪੰਜਾਬ ਦੇ ਘੱਟੋ-ਘੱਟ ਤਾਪਮਾਨ ‘ਚ ਬੁੱਧਵਾਰ ਦੇ ਮੁਕਾਬਲੇ 1.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ।
ਘੱਟੋ-ਘੱਟ ਤਾਪਮਾਨ ਆਮ ਨਾਲੋਂ 4.7 ਡਿਗਰੀ ਸੈਲਸੀਅਸ ਵੱਧ ਹੈ। ਐਸਬੀਐਸ ਨਗਰ ਤੋਂ ਇਲਾਵਾ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 8.9 ਡਿਗਰੀ, ਲੁਧਿਆਣਾ 10.3, ਪਟਿਆਲਾ 9.0, ਪਠਾਨਕੋਟ 9.0, ਬਠਿੰਡਾ 9.0, ਫਰੀਦਕੋਟ 9.5, ਗੁਰਦਾਸਪੁਰ 6.5, ਜਲੰਧਰ 9.5 ਅਤੇ ਮੋਗਾ ਦਾ 9.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ ਚਾਰ-ਪੰਜ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ।
ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਪੰਜਾਬ ‘ਚ ਜ਼ਿਆਦਾਤਰ ਥਾਵਾਂ ‘ਤੇ ਸੰਘਣੀ ਧੁੰਦ ਛਾਈ ਰਹੇਗੀ। 30 ਅਤੇ 31 ਦਸੰਬਰ ਲਈ ਆਰੇਂਜ ਅਲਰਟ ਅਤੇ 1 ਜਨਵਰੀ 2024 ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤਹਿਤ ਇਨ੍ਹਾਂ ਤਿੰਨ ਦਿਨਾਂ ਦੌਰਾਨ ਪੰਜਾਬ ਵਿੱਚ ਕਈ ਥਾਵਾਂ ’ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਲੋਕਾਂ ਨੂੰ ਅਗਲੇ ਚਾਰ ਦਿਨਾਂ ਵਿੱਚ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਸਲਾਹ ਦਿੱਤੀ ਹੈ।