ਟਰੰਪ ਦੇ ਟਵਿੱਟਰ ਖ਼ਾਤੇ ਵਿਰੁੱਧ ਜਾਰੀ ਹੋਇਆ ਸਰਚ ਵਾਰੰਟ

Washington- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੇ ਅਮਰੀਕੀ ਵਿਸ਼ੇਸ਼ ਵਕੀਲ ਜੈਕ ਸਮਿਥ ਨੇ ਟਰੰਪ ਦੇ ਟਵਿੱਟਰ ਡਾਟੇ ਲਈ ਇੱਕ ਗੁਪਤ ਸਰਚ ਵਾਰੰਟ ਪ੍ਰਾਪਤ ਕੀਤਾ ਸੀ। ਸਮਿਥ ਨੇ ਟਵਿੱਟਰ ਕੋਲ ਟਰੰਪ ਦੇ ਖ਼ਾਤੇ ਨਾਲ ਸਬੰਧਿਤ ‘ਡਾਟਾ ਅਤੇ ਰਿਕਾਰਡ’ ਦੀ ਅਪੀਲ ਕੀਤੀ ਸੀ, ਜਿਨ੍ਹਾਂ ’ਚ ਅਪ੍ਰਕਾਸ਼ਿਤ ਪੋਸਟਾਂ ਵੀ ਸ਼ਾਮਿਲ ਹੋ ਸਕਦੀਆਂ ਸਨ। ਸ਼ੁਰੂਆਤ ’ਚ ਵਾਰੰਟ ਦਾ ਵਿਰੋਧ ਕਰਨ ਮਗਰੋਂ ਅਖ਼ੀਰ ਟਵਿੱਟਰ ਨੇ ਇਸ ਦੀ ਪਾਲਣਾ ਕੀਤੀ ਪਰ ਅਦਾਲਤ ਵਲੋਂ ਨਿਰਧਾਰਿਤ ਸਮਾਂ ਸੀਮਾ ਤੋਂ ਉਹ ਤਿੰਨ ਦਿਨ ਖੁੰਝ ਗਿਆ। ਇਸ ਦੇਰ ਦੇ ਚੱਲਦਿਆਂ ਕੰਪਨੀ ਨੂੰ ਅਦਾਲਤ ਦੇ ਹੁਕਮ ਦੀ ਉਲੰਘਣਾ ਦੇ ਨਤੀਜੇ ਵਜੋਂ 350,000 ਡਾਲਰਾਂ ਦਾ ਜ਼ੁਰਮਾਨਾ ਲਾਇਆ ਗਿਆ ਹੈ।
ਇਸ ਸਬੰਧ ’ਚ ਅਦਾਲਤ ਵਲੋਂ ਜਾਰੀ ਦਸਤਾਵੇਜ਼ਾਂ ਮੁਤਾਬਕ ਟਵਿੱਟਰ ਦੇ ਵਕੀਲਾਂ ਨੇ ਵਾਰੰਟ ’ਤੇ ਕੋਈ ਇਤਰਾਜ਼ ਨਹੀਂ ਜਤਾਇਆ ਹੈ, ਪਰ ਇਹ ਤਰਕ ਦਿੱਤਾ ਹੈ ਕਿ ਇਸ ਨਾਲ ਉਨ੍ਹਾਂ ਗਾਹਕਾਂ ਸੂਚਿਤ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਜਿਨ੍ਹਾਂ ਦੇ ਖ਼ਾਤੇ ਖੋਜ ਵਾਰੰਟ ਅਧੀਨ ਹੈ। ਟਵਿੱਟਰ, ਜਿਸ ਨੂੰ ਹੁਣ ਐਕਸ ਨੇ ਨਾਂ ਨਾਲ ਜਾਣਿਆ ਜਾਂਦਾ ਹੈ, ਨੇ ਫਰਵਰੀ ਮਹੀਨੇ ’ਚ ਡਾਟਾ ਸੌਂਪ ਦਿੱਤਾ ਸੀ ਪਰ ਉਸ ਨੇ ਜ਼ੁਰਮਾਨੇ ਵਿਰੁੱਧ ਅਪੀਲ ਕੀਤੀ, ਜਿਸ ਨੂੰ ਕਿ ਪਿਛਲੇ ਮਹੀਨੇ ਅਮਰੀਕੀ ਅਦਾਲਤ ਨੇ ਖ਼ਾਰਜ ਕਰ ਦਿੱਤਾ। ਦਸਤਾਵੇਜ਼ਾਂ ’ਚ ਇਸ ਬਾਰੇ ’ਚ ਬਹੁਤ ਘੱਟ ਸੰਕੇਤ ਹਨ ਕਿ ਸਮਿਥ ਅਸਲ ’ਚ ਲੱਭ ਕੀ ਰਹੇ ਸਨ। ਅਦਾਲਤ ’ਚ ਦਾਇਰ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਵਾਰੰਟ ’ਚ ਕੰਪਨੀ ਨੂੰ ਟਰੰਪ ਦੇ ਖ਼ਾਤੇ ਨਾਲ ਸਬੰਧਿਤ ਡਾਟਾ ਅਤੇ ਰਿਕਾਰਡ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। 6 ਜਨਵਰੀ, 2021 ਦੇ ਕੈਪੀਟਨ ਦੰਗਿਆਂ ਦੀ ਜਾਂਚ ਕਰ ਰਹੇ ਅਮਰੀਕੀ ਕਾਂਗਰਸ ਨੇ ਇਹ ਪਾਇਆ ਕਿ ਟਰੰਪ ਨੇ ਆਪਣੇ ਸਮਰਥਕਾਂ ਨੂੰ ਵਾਸ਼ਿੰਟਗਨ ਆਉਣ ਦੀ ਅਪੀਲ ਕਰਦਿਆਂ ਇੱਕ ਟਵੀਟ ਤਿਆਰ ਕੀਤਾ ਸੀ ਪਰ ਇਸ ਨੂੰ ਕਦੇ ਭੇਜਿਆ ਨਹੀਂ। ਇਸ ’ਚ ਕਿਹਾ ਗਿਆ ਹੈ, ‘‘ਮੈਂ 6 ਜਨਵਰੀ ਨੂੰ ਸਵੇਰੇ 10 ਵਜੇ ਐਲਿਪਸੇ (ਵ੍ਹਾਈਟ ਹਾਊਸ ਦਾ ਦੱਖਣ) ’ਚ ਇੱਕ ਵੱਡਾ ਭਾਸ਼ਣ ਦੇਵਾਂਗਾ। ਕ੍ਰਿਪਾ ਕਰਕੇ ਜਲਦੀ ਪਹੁੰਚੋ, ਭਾਰੀ ਭੀੜ ਦੀ ਉਮੀਦ ਹੈ। ਇਸ ਤੋਂ ਬਾਅਦ ਕੈਪੀਟਲ ਤੱਕ ਮਾਰਚ ਕਰੋ। ਚੋਰੀ ਬੰਦ ਕਰੋ।’’ ਟਰੰਪ, ਜਿਸ ਦੇ ਟਵਿੱਟਰ ’ਤੇ 86.5 ਮਿਲੀਅਨ ਫਾਲੋਅਰਜ਼ ਸਨ, ਇਨ੍ਹਾਂ ਦੰਗਿਆਂ ਮਗਰੋਂ ਟਵਿੱਟਰ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ। ਇਸ ਨੂੰ ਨਵੰਬਰ, 2022 ’ਚ ਮੁੜ ਬਹਾਲ ਕੀਤਾ ਗਿਆ, ਜਦੋਂ ਏਲੋਨ ਮਸਕ ਨੇ ਇਕ ਸਰਵੇਖਣ ਕੀਤਾ, ਜਿਸ ’ਚ ਯੂਜਰਜ਼ ਨੂੰ ਪੁੱਛਿਆ ਗਿਆ ਕਿ ਕੀ ਸਾਬਕਾ ਰਾਸ਼ਟਰਪਤੀ ਨੂੰ ਟਵਿੱਟਰ ’ਤੇ ਵਾਪਸ ਆਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਟਵਿੱਟਰ ’ਤੇ ਅਕਾਊਂਟ ਦੀ ਬਹਾਲੀ ਮਗਰੋਂ ਟਰੰਪ ਨੇ ਕੋਈ ਪੋਸਟ ਨਹੀਂ ਪਾਈ ਹੈ। ਇਸ ਦੇ ਬਜਾਏ ਉਹ ਆਪਣੇ ਖ਼ੁਦ ਦੇ Truth Social network ਦੀ ਵਰਤੋਂ ਕਰਨਾ ਪਸੰਦ ਕਰਦੇ ਹਨ।