ਸੈਂਕੜੇ ਮੌਤਾਂ ਅਤੇ ਤਬਾਹੀ ਤੋਂ ਬਾਅਦ ਆਖਿਰਕਾਰ ਬੰਦ ਹੋਈ ਇਜ਼ਰਾਈਲ ਅਤੇ ਹਮਾਸ ਦੀ ਜੰਗ

ਟੀਵੀ ਪੰਜਾਬ ਬਿਊਰੋ: ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ 11 ਦਿਨਾਂ ਤੋਂ ਚੱਲ ਰਿਹਾ ਯੁੱਧ-ਸੰਘਰਸ਼ ਆਖਿਰਕਾਰ ਵੀਰਵਾਰ ਨੂੰ ਜੰਗਬੰਦੀ ਦੇ ਐਲਾਨ ਨਾਲ ਖ਼ਤਮ ਹੋ ਗਿਆ। ਇਜ਼ਰਾਇਲੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਸੁਰੱਖਿਆ ਕੈਬਨਿਟ ਨੇ ਗਾਜ਼ਾ ਪੱਟੀ ਵਿਚ 11 ਦਿਨਾਂ ਦੀ ਮਿਲਟਰੀ ਮੁਹਿੰਮ ਨੂੰ ਰੋਕਣ ਲਈ ਇਕਪਾਸੜ ਜੰਗਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਹਮਾਸ ਦੇ ਇਕ ਅਧਿਕਾਰੀ ਨੇ ਵੀ ਕੀਤੀ । ਇਸੇ ਤਰ੍ਹਾਂ ਇਜ਼ਰਾਇਲੀ ਕੈਬਨਿਟ ਨੇ ਵੀ ਜੰਗਬੰਦੀ ਦੀ ਪੁਸ਼ਟੀ ਕੀਤੀ ਹੈ ਪਰ ਇਸ ਦੇ ਲਾਗੂ ਹੋਣ ਦਾ ਸਮਾਂ ਨਹੀਂ ਦੱਸਿਆ।
ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਅਮਰੀਕਾ ਦੇ ਦਬਾਅ ਕਾਰਨ ਲਿਆ ਗਿਆ ਹੈ। ਬੀਤੇ ਦਿਨੀਂ ਨੇਤਨਯਾਹੂ ਨੇ ਮਿਲਟਰੀ ਹੈੱਡਕੁਆਰਟਰ ਦੇ ਦੌਰੇ ਤੋਂ ਬਾਅਦ ਕਿਹਾ ਸੀ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਦੇ ਸਹਿਯੋਗ ਦੀ ਬਹੁਤ ਪ੍ਰਸ਼ੰਸਾ ਕਰਦੇ ਹਨ। ਨੇਤਨਯਾਹੂ ਦੇ ਇਸ ਬਿਆਨ ਤੋਂ ਕੁਝ ਹੀ ਦੇਰ ਪਹਿਲਾਂ ਬਾਈਡੇਨ ਨੇ ਨੇਤਨਯਾਹੂ ਨੂੰ ਤਣਾਅ ਵਿਚ ਕਮੀ ਲਿਆਉਣ ਦੀ ਅਪੀਲ ਕੀਤੀ ਸੀ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਅਮਰੀਕਾ ਦੇ ਕਿਸੇ ਸਹਿਯੋਗੀ ‘ਤੇ ਬਾਈਡੇਨ ਵੱਲੋਂ ਪਾਇਆ ਗਿਆ ਹੁਣ ਤੱਕ ਦਾ ਸਭ ਤੋਂ ਸਖ਼ਤ ਜਨਤਕ ਦਬਾਅ ਸੀ।

ਫਿਲਸਤੀਨ ਵਿਚ ਹੁਣ ਤੱਕ ਮਾਰੇ ਗਏ ਸਵਾ ਦੋ ਸੌ ਤੋਂ ਵਧੇਰੇ ਲੋਕ

ਇਜ਼ਰਾਈਲ ਅਤੇ  ਹਮਾਸ ਵਿਚਾਲੇ ਹੋਈ ਜੰਗ ਦੌਰਾਨ ਦੋਵਾਂ ਧਿਰਾਂ ਨੇ ਇਕ ਦੂਜੇ ਤੇ ਕਈ ਹਮਲੇ ਕੀਤੇ। ਇਜ਼ਰਾਈਲ ਨੇ ਹਮਾਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੈਂਕੜੇ ਹਵਾਈ ਹਮਲੇ ਕੀਤੇ ਅਤੇ ਹਮਾਸ ਦੇ ਹਮਲਾਵਰਾਂ ਨੇ ਇਜ਼ਰਾਇਲ ਦੇ ਸ਼ਹਿਰਾਂ ਵਿਚ 4000 ਤੋਂ ਵੱਧ ਰਾਕੇਟ ਦਾਗੇ। ਗਾਜ਼ਾ ਦੇ ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਕ ਹੁਣ ਤੱਕ 64 ਬੱਚਿਆਂ ਅਤੇ 38 ਔਰਤਾਂ ਸਮੇਤ ਘੱਟੋ-ਘੱਟ 227 ਫਿਲਸਤੀਨੀ ਮਾਰੇ ਗਏ ਅਤੇ 1620 ਲੋਕ ਜ਼ਖਮੀ ਹਨ। ਇਕ ਅਣਦਾਜੇ ਮੁਤਾਬਿਕ ਕਰੀਬ 58,000 ਫਿਲਸਤੀਨੀ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਮਜਬਰ ਹੋਏ ਹਨ।