ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਭਾਸ਼ਣ ਮੁਕਾਬਲੇ, ਪਹਿਲੇ ਜੇਤੂ ਨੂੰ ਮਿਲੇਗਾ 2 ਲੱਖ ਦਾ ਇਨਾਮ

ਜਲੰਧਰ : ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਨੌਜਵਾਨਾਂ ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਹਿੱਤ ਅਤੇ ਨੌਜਵਾਨਾਂ ਨੂੰ ਸਮਾਜ ਦੇ ਵਿਕਾਸ ਦੇ ਕੰਮਾਂ ਚ ਭਾਗੀਦਾਰੀ ਬਣਾਉਣ ਹਿੱਤ ਬਲਾਕ, ਜਿਲ੍ਹਾ, ਰਾਜ ਤੇ ਕੌਮੀ ਪੱਧਰ ਤੇ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਨਿਤਿਆਨੰਦ ਯਾਦਵ ਜਿਲ੍ਹਾ ਯੂਥ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤੋਂ ਪਹਿਲਾਂ ਬਲਾਕ ਪੱਧਰ ਦੇ ਮੁਕਾਬਲੇ ਕਰਵਾ ਕੇ ਸਕਰੀਨਿੰਗ ਕੀਤੀ ਜਾਵੇਗੀ ਅਤੇ ਬਲਾਕ ਪੱਧਰ ਤੇ ਪਹਿਲੇ 3 ਜੇਤੂ ਜਿਲ੍ਹਾ ਪੱਧਰ ਦੇ ਮੁਕਾਬਲੇ ‘ਚ ਭਾਗ ਲੈ ਸਕਣਗੇ।

ਨਿਤਿਆਨੰਦ ਯਾਦਵ ਨੇ ਦੱਸਿਆ ਕਿ ਇੰਨਾ ਮੁਕਾਬਲਿਆਂ ਲਈ ਭਾਗੀਦਾਰ ਦੀ ਉਮਰ 1 ਅਪ੍ਰੈਲ 2021 ਨੂੰ 18 ਸਾਲ ਤੋਂ ਵੱਧ ਅਤੇ 29 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਭਾਗੀਦਾਰ ਜਲੰਧਰ ਜ਼ਿਲ੍ਹੇ ਦਾ ਪੱਕਾ ਵਸਨੀਕ ਹੋਣਾ ਚਾਹੀਦਾ ਹੈ ਇਸ ਲਈ ਉਸਨੂੰ ਆਪਣਾ ਪੱਕਾ ਸਬੂਤ ਦੇਣਾ ਹੋਵੇਗਾ।

ਉਹਨਾ ਦਸਿਆ ਕਿ ਜਿਲ੍ਹਾ ਪੱਧਰ ਦੇ ਜੇਤੂ ਨੂੰ 5000,ਦੂਜੇ ਨੰਬਰ ਤੇ ਰਹਿਣ ਵਾਲੇ ਨੂੰ 2000 ਅਤੇ ਤੀਸਰੇ ਨੰਬਰ ਤੇ ਰਹਿਣ ਵਾਲੇ ਜੇਤੂ ਨੂੰ 1000 ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਤਰ੍ਹਾਂ ਰਾਜ ਪੱਧਰ ਦੇ ਮੁਕਾਬਲੇ ਵਿਚ ਜੇਤੂ ਨੂੰ 25000,ਦੂਸਰੇ ਨੰਬਰ ਦੇ ਜੇਤੂ ਨੂੰ 10000 ਤੇ ਤੀਸਰੇ ਨੰਬਰ ਦੇ ਜੇਤੂ ਨੂੰ 5000 ਦੀ ਰਾਸ਼ੀ ਦਿੱਤੀ ਜਾਵੇਗੀ।

ਰਾਸ਼ਟਰ ਪੱਧਰ ਦੇ ਮੁਕਾਬਲੇ ਜੋ ਕਿ ਦਿੱਲੀ ਵਿਖੇ ਆਯੋਜਿਤ ਕੀਤੇ ਜਾਣਗੇ। ਜਿਸ ‘ਚ ਪਹਿਲੇ ਜੇਤੂ ਨੂੰ 2 ਲੱਖ, ਦੂਜੇ ਨੰਬਰ ਦੇ ਜੇਤੂ ਨੂੰ 1 ਲੱਖ ਅਤੇ ਤੀਸਰੇ ਨੰਬਰ ਦੇ ਜੇਤੂ ਨੂੰ 50 ਹਜ਼ਾਰ ਦੀ ਰਾਸ਼ੀ ਦਿੱਤੀ ਜਾਵੇਗੀ।

ਉਹਨਾ ਇਹ ਵੀ ਦਸਿਆ ਕਿ ਇਹਨਾਂ ਮੁਕਾਬਲਿਆਂ ਲਈ ਹਰ ਸਾਲ ਦੀ ਤਰ੍ਹਾਂ ਦੇਸ਼ ਭਗਤੀ ਰਾਸ਼ਟਰ ਨਿਰਮਾਣ ਵਿਸ਼ੇ ਤਹਿਤ ਥੀਮ “ਸਬ ਕਾ ਸਾਥ,ਸਬ ਕਾ ਵਿਸ਼ਵਾਸ,ਸਬ ਕਾ ਵਿਕਾਸ ਅਤੇ ਸਬ ਕਾ ਪਰਿਆਸ” ਨੂੰ ਲਿਆ ਗਿਆ ਹੈ। ਅਰਜੀ ਫਾਰਮ ਨਹਿਰੂ ਯੁਵਾ ਕੇਂਦਰ ਜਲੰਧਰ ਦੇ ਦਫਤਰ ‘ਚੋਂ 15 ਨਵੰਬਰ 2021 ਤੱਕ ਪ੍ਰਾਪਤ ਕੀਤੇ ਜਾ ਸਕਦੇ ਹਨ।

ਟੀਵੀ ਪੰਜਾਬ ਬਿਊਰੋ