ਨੌਜਵਾਨ ਨੂੰ ਟਿੱਪਰ ਨੇ ਦਰੜਿਆ, ਭੜਕੀ ਭੀੜ ਨੇ ਟਿੱਪਰ ਸਾੜਨ ਦੀ ਕੀਤੀ ਕੋਸ਼ਿਸ਼ ਅਤੇ ਪੁਲਿਸ ‘ਤੇ ਵੀ ਕੀਤਾ ਪਥਰਾਅ, ਥਾਣਾ ਇੰਚਰਾਜ ਕੀਤੀ ਲਹੂ-ਲੁਹਾਨ

ਲੁਧਿਆਣਾ : ਰਾਹੋਂ ਰੋਡ ਸਥਿਤ ਪਿੰਡ ਗਹਿਲੇਵਾਲ ਘਟ ‘ਤੇ ਇਕ ਤੇਜ਼ ਰਫਤਾਰ ਟਿੱਪਰ ਨੇ ਰਾਹਗੀਰ ਨੌਜਵਾਨ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਇਸ ਦਰਦਨਾਕ ਹਾਦਸੇ ‘ਚ ਨੌਜਵਾਨ ਦੀ ਮੌਤ ਹੋ ਗਈ। ਉਕਤ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਭੜਕੇ ਪਰਿਵਾਰ ਤੇ ਇਲਾਕਾ ਵਾਸੀਆਂ ਨੇ ਮੌਕੇ ‘ਤੇ ਪੁੱਜ ਕੇ ਟਿੱਪਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਪੁੱਜੀ ਪੁਲਿਸ ਪਾਰਟੀ ਨੇ ਭੀੜ ਨੂੰ ਕਾਬੂ ਕਰਨ ਦਾ ਹਰ ਹੀਲਾ ਕੀਤਾ ਪਰ ਭੜਕੇ ਪਰਿਵਾਰ ਵਾਲਿਆਂ ਨੇ ਪੁਲਿਸ ਦੀ ਇਕ ਨਾ ਸੁਣੀ। ਮਾਹੌਲ ਗਰਮ ਹੁੰਦਾ ਦੇਖ ਕੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਸੱਦੀ। ਥਾਣਾ ਮਿਹਰਬਾਨ ਦੇ ਐੱਸਐੱਚਓ ਥਾਣੇਦਾਰ ਸਿਮਰਨਜੀਤ ਕੌਰ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਟਿੱਪਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤਾ।

ਇਸ ਤੋਂ ਬਾਅਦ ਭੜਕੇ ਇਲਾਕਾ ਵਾਸੀਆਂ ਨੇ ਮੁਲਜ਼ਮ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਾਹੌਲ ਵਿਗੜਦਾ ਦੇਖ ਪੁਲਿਸ ਨੇ ਭੀੜ ‘ਤੇ ਹਲਕਾ ਬਲ ਪ੍ਰਯੋਗ ਕੀਤਾ ਤਾਂ ਬਦਲੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪਾਰਟੀ ਉਪਰ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਪੱਥਰਬਾਜ਼ੀ ‘ਚ ਥਾਣਾ ਮੁਖੀ ਵੀ ਪੱਥਰ ਲੱਗਣ ਨਾਲ ਫੱਟੜ ਹੋ ਗਈ। ਉਨ੍ਹਾਂ ਨੂੰ ਕਿਸੇ ਤਰ੍ਹਾਂ ਭੀੜ ਵਿੱਚੋਂ ਕੱਢ ਕੇ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ।

ਜਿਸ ਨੌਜਵਾਨ ਦੀ ਇਸ ਹਾਦਸੇ ਦੌਰਾਨ ਮੌਤ ਹੋਈ ਉਸਦਾ ਨਾਂ ਕੀਮਤੀ ਲਾਲ ਸੀ ਅਤੇ ਉਹ ਗੁਰੂ ਵਿਹਾਰ ‘ਚ ਵਾਲ ਕੱਟਣ ਦਾ ਕੰਮ ਸਿਖ ਰਿਹਾ ਸੀ। ਸਵੇਰੇ ਕੰਮ ‘ਤੇ ਜਾਣ ਲਈ ਉਹ ਕਰੀਬ ਅੱਠ ਵਜੇ ਘਰੋਂ ਨਿਕਲਿਆ। ਜਦੋਂ ਉਹ ਗਹਿਲੇਵਾਲ ਕੱਟ ਕੋਲ ਪੁੱਜਾ ਤਾਂ ਰੇਤ ਨਾਲ ਭਰੇ ਇਕ ਤੇਜ਼ ਰਫਤਾਰ ਟਿੱਪਰ ਨੇ ਨੌਜਵਾਨ ਕੀਮਤੀ ਲਾਲ ਨੂੰ ਲਪੇਟ ਵਿੱਚ ਲੈ ਲਿਆ। ਇਸ ਦਰਦਨਾਕ ਹਾਦਸੇ ਵਿਚ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੁਰਘਟਨਾ ਤੋਂ ਬਾਅਦ ਟਿੱਪਰ ਚਾਲਕ ਆਪਣੇ ਵਾਹਨ ਮੌਕੇ ‘ਤੇ ਹੀ ਛੱਡ ਕੇ ਫ਼ਰਾਰ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਪਿੰਡ ਵਾਲਿਆਂ ਨੂੰ ਮਿਲੀ ਤਾਂ ਉਨ੍ਹਾਂ ਮੌਕੇ ‘ਤੇ ਪੁੱਜ ਕੇ ਟਿੱਪਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਮੇਨ ਰੋਡ ‘ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਲੋਕਾਂ ਦੇ ਰੋਹ ਨੂੰ ਦੇਖਦਿਆਂ ਥਾਣਾ ਮਿਹਰਬਾਨ ਮੁਖੀ ਥਾਣੇਦਾਰ ਸਿਮਰਨਜੀਤ ਕੌਰ ਭਾਰੀ ਪੁਲਿਸ ਬਲ ਨਾਲ ਮੌਕੇ ‘ਤੇ ਪੁੱਜੇ ਤੇ ਟਿੱਪਰ ਨੂੰ ਅੱਗ ਤੋਂ ਬਚਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੰਗਵਾ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਪੁਲਿਸ ਮੁਲਜ਼ਮ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੇਕਾਬੂ ਭੀੜ ‘ਤੇ ਕਾਬੂ ਪਾਉਣ ਲਈ ਪੁਲਿਸ ਨੇ ਹਲਕਾ ਬਲ ਪ੍ਰਯੋਗ ਕੀਤਾ ਤਾਂ ਬਦਲੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਭਾਰੀ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਦੇ ਚੱਲਦਿਆਂ ਇਲਾਕੇ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।ਮਾਹੌਲ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਏਸੀਪੀ ਦਵਿੰਦਰ ਚੌਧਰੀ ਅਤੇ ਏਡੀਸੀਪੀ ਰੁਪਿੰਦਰ ਕੌਰ ਸਰਾਂ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਮਾਹੌਲ ਨੂੰ ਸ਼ਾਂਤ ਬਣਾਉਣ ਵਿਚ ਲੱਗੇ ਹੋਏ ਹਨ।