ਚੰਡੀਗੜ੍ਹ ‘ਚ ਭਾਜਪਾ ਦਾ ਮੇਅਰ, ‘ਆਪ’-ਕਾਂਗਰਸ ਨੇ ਲਗਾਏ ਧੱਕੇਸ਼ਾਹੀ ਦੇ ਇਲਜ਼ਾਮ

ਡੈਸਕ- ਭਾਜਪਾ ਕੌਂਸਲਰ ਮਨੋਜ ਸੋਨਕਰ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ। ਉਨ੍ਹਾਂ ਨੇ ‘ਆਪ’-ਕਾਂਗਰਸ ਦੇ I.N.D.I.A ਉਮੀਦਵਾਰ ਕੁਲਦੀਪ ਟੀਟਾ ਨੂੰ 4 ਵੋਟਾਂ ਨਾਲ ਹਰਾਇਆ। ਮੇਅਰ ਦੀ ਚੋਣ ਲਈ ਸੰਸਦ ਮੈਂਬਰਾਂ ਅਤੇ 35 ਕੌਂਸਲਰਾਂ ਨੇ ਆਪਣੀ ਵੋਟ ਪਾਈ, ਜਿਨ੍ਹਾਂ ਵਿੱਚੋਂ ਭਾਜਪਾ ਦੇ ਮਨੋਜ ਨੂੰ 16 ਅਤੇ ‘ਆਪ’-ਕਾਂਗਰਸ ਦੇ ਉਮੀਦਵਾਰ ਨੂੰ 12 ਵੋਟਾਂ ਮਿਲੀਆਂ, ਜਦਕਿ 8 ਵੋਟਾਂ ਗਿਣਤੀ ਵਿੱਚ ਸ਼ਾਮਲ ਨਹੀਂ ਹੋਈਆਂ। ਹਾਲਾਂਕਿ, ਇਹ ਅਯੋਗ ਸੀ ਜਾਂ ਕੋਈ ਹੋਰ ਕਾਰਨ ਸੀ, ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਖਾਸ ਗੱਲ ਇਹ ਹੈ ਕਿ ਦੇਸ਼ ‘ਚ ਵਿਰੋਧੀ ਪਾਰਟੀਆਂ ਦੀ ਭਾਜਪਾ ਅਤੇ I.N.D.I.A ਵਿਚਕਾਰ ਇਹ ਪਹਿਲਾ ਸਿੱਧਾ ਮੁਕਾਬਲਾ ਸੀ। ਜਿਸ ਨੂੰ ਭਾਜਪਾ ਜਿੱਤਣ ਵਿਚ ਸਫਲ ਰਹੀ। ਦੂਜੇ ਪਾਸੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ‘ਤੇ ਕਈ ਵੋਟਾਂ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ। ਕਾਂਗਰਸ ਅਤੇ ‘ਆਪ’ ਕੌਂਸਲਰ ਦੋਸ਼ ਲਗਾ ਰਹੇ ਹਨ ਕਿ ਵੀਡੀਓ ‘ਚ ਅਨਿਲ ਮਸੀਹ ਕਈ ਵੋਟਾਂ ‘ਤੇ ਪੈੱਨ ਚਲਾਉਂਦੇ ਨਜ਼ਰ ਆ ਰਹੇ ਹਨ। ਇਸ ਗੱਲ ਦਾ ਸਬੂਤ ਵੀਡੀਓ ਵਿੱਚ ਵੀ ਹੈ। ਸਦਨ ਵਿੱਚ ਕਾਫੀ ਹੰਗਾਮਾ ਚੱਲ ਰਿਹਾ ਹੈ।

ਪਹਿਲਾਂ ਇਹ ਚੋਣ 18 ਜਨਵਰੀ ਨੂੰ ਹੋਣੀ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਦੀ ਬਿਮਾਰੀ ਕਾਰਨ ਇਸ ਨੂੰ 6 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਸੀ। ਹਾਲਾਂਕਿ ਕਾਂਗਰਸ ਅਤੇ ‘ਆਪ’ ਦੇ ਕੌਂਸਲਰਾਂ ਨੇ ਇਸ ਕਦਮ ਦਾ ਵਿਰੋਧ ਕੀਤਾ। 35 ਮੈਂਬਰੀ ਨਗਰ ਨਿਗਮ ਹਾਊਸ ‘ਚ ‘ਆਪ’ ਅਤੇ ਕਾਂਗਰਸ ਗਠਜੋੜ ਦੀਆਂ ਮਿਲ ਕੇ 20 ਵੋਟਾਂ ਸਨ, ਜਿਸ ਨਾਲ ਭਾਜਪਾ ਦੀਆਂ 15 ਵੋਟਾਂ ਲਈ ਸਖ਼ਤ ਚੁਣੌਤੀ ਰਹੀ। ਇਸ ਵਿੱਚ 14 ਕੌਂਸਲਰਾਂ ਅਤੇ ਸੰਸਦ ਮੈਂਬਰ ਕਿਰਨ ਖੇਰ ਦੀਆਂ ਵਾਧੂ ਵੋਟਾਂ ਸ਼ਾਮਲ ਸਨ ਪਰ ਫਿਰ ਵੀ ਬੀਜੇਪੀ ਨੇ ਜਿੱਤ ਦਾ ਝੰਡਾ ਲਹਿਰਾਇਆ।

ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਕੁਲਦੀਪ ਕੁਮਾਰ ਮੇਅਰ ਦੇ ਅਹੁਦੇ ਲਈ ਚੋਣ ਲੜ ਰਹੇ ਸਨ, ਜਦਕਿ ਕਾਂਗਰਸ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਉਮੀਦਵਾਰ ਉਤਾਰਿਆ ਸੀ।