ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ‘ਚ ਵਾਪਰਿਆ ਹਾਦਸਾ, ਦਾਲ ਦੇ ਕੜਾਹੇ ‘ਚ ਡਿੱਗਿਆ ਸੇਵਾਦਾਰ

ਡੈਸਕ- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿੱਥੇ ਹਰ ਰੋਜ਼ ਲੱਖਾਂ ਹੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ। ਇਥੇ ਆ ਕੇ ਸੰਗਤ ਗੁਰਬਾਣੀ ਸਰਵਣ ਕਰਦੀ ਅਤੇ ਸੇਵਾ ਕਰਦੀ ਹੈ। ਇਸੇ ਤਰ੍ਹਾਂ ਹੀ ਕਈ ਸ਼ਰਧਾਲੂ ਵੱਖ-ਵੱਖ ਥਾਵਾਂ ‘ਤੇ ਸੇਵਾ ਕਰਦੇ ਹਨ।

ਕੋਈ ਭਾਂਡੇ ਧੋਣ ਦੀ ਸੇਵਾ ਕਰਦਾ ਹੈ ਕੋਈ ਲੰਗਰ ਵਰਤਾਉਣ ਦੀ ਸੇਵਾ ਕਰਦਾ ਹੈ ਅਤੇ ਕਈ ਲੰਗਰ ਬਣਾਉਣ ਦੀ ਸੇਵਾ ਕਰਦੇ ਹਨ। ਬੀਤੇ ਦਿਨੀ ਇੱਕ ਸ਼ਰਧਾਲੂ ਬਲਬੀਰ ਸਿੰਘ ਪੁੱਤਰ ਖਜਾਨ ਸਿੰਘ ਪਿੰਡ ਲਹਿਲ ਤਹਿਸੀਲ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਇੱਥੇ ਨਤਮਸਤਕ ਹੋਣ ਲਈ ਆਇਆ ਸੀ ਅਤੇ ਉਸ ਤੋਂ ਬਾਅਦ ਉਹ ਸੇਵਾ ਕਰਨ ਲਈ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਚਲਾ ਗਿਆ ।

ਉਸ ਵੱਲੋਂ ਜਦੋਂ ਸੇਵਾ ਕੀਤੀ ਜਾ ਰਹੀ ਸੀ ਤਾਂ ਪੈਰ ਤਿਲਕਣ ਕਰਕੇ ਉਹ ਕੜਾਹੇ ਵਿੱਚ ਡਿੱਗ ਪਿਆ। ਜਿਸ ਦੇ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਤੋਂ ਬਾਅਦ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਸਪਤਾਲ ਸ੍ਰੀ ਗੁਰੂ ਰਾਮਦਾਸ ਹਸਪਤਾਲ ਨੇੜੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ 70% ਜ਼ਖ਼ਮੀ ਦੱਸਿਆ ਫਿਲਹਾਲ ਅਜੇ ਉਹ ਖ਼ਤਰੇ ਤੋਂ ਬਾਹਰ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਵੀ ਕਈ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਕਿ ਸੇਵਾ ਕਰਦੇ ਹੋਏ ਸੇਵਾਦਾਰ ਕੜਾਹੇ ਵਿੱਚ ਡਿੱਗ ਪਏ। ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਇਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ ਕਿਉਂਕਿ ਜੇ ਸੇਵਾ ਦੀ ਗੱਲ ਕਰੀਏ ਤਾਂ ਇੱਥੇ ਜੋ ਵੀ ਸੰਗਤ ਪਹੁੰਚਦੀ ਹੈ ਉਸਦੇ ਮਨ ਵਿੱਚ ਸ਼ਰਧਾ ਹੁੰਦੀ ਹੈ ਕਿ ਉਹ ਗੁਰੂ ਘਰ ਆ ਕੇ ਸੇਵਾ ਕਰੇ।