BKU ਉਗਰਾਹਾਂ ਦੀ ਮੀਟਿੰਗ ਅੱਜ, ਚੰਡੀਗੜ੍ਹ ਧਰਨੇ ਨੂੰ ਲੈ ਕੇ ਹੋ ਸਕਦਾ ਅਹਿਮ ਫੈਸਲਾ

ਡੈਸਕ- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ 34 ਵਿੱਚ ਚੱਲ ਰਹੇ ਧਰਨੇ ਸਬੰਧੀ ਮੀਟਿੰਗ ਕਰਨਗੇ। ਇਹ ਮੀਟਿੰਗ 11 ਵਜੇ ਸ਼ੁਰੂ ਹੋਵੇਗੀ ਜਿਸ ਚ ਕਈ ਕਿਸਾਨ ਆਗੂ ਸ਼ਾਮਲ ਰਹਿਣਗੇ। ਇਸ ਮੀਟਿੰਗ ਵਿੱਚ ਕਿਸਾਨ ਆਗੂ ਫੈਸਲਾ ਕਰਨਗੇ ਕਿ ਧਰਨਾ ਮੁਲਤਵੀ ਕੀਤਾ ਜਾਵੇ ਜਾਂ ਫਿਰ ਜਾਰੀ ਰੱਖਿਆ ਜਾਵੇ। ਕਿਸਾਨ ਆਗੂਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕੀਤੀ ਗਈ। ਕਰੀਬ ਤਿੰਨ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਕਿਸਾਨਾਂ ਨਾਲ ਕੁਝ ਮੁੱਦਿਆਂ ‘ਤੇ ਸਮਝੌਤਾ ਹੋ ਗਿਆ। ਕਿਸਾਨ ਖੇਤੀ ਨੀਤੀ ਅਤੇ ਕੁਝ ਹੋਰ ਮੰਗਾਂ ਨੂੰ ਲੈ ਕੇ 1 ਸਤੰਬਰ ਤੋਂ ਪ੍ਰਦਰਸ਼ਨ ਕਰ ਰਹੇ ਹਨ।

ਵੀਰਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਭਗਵੰਤ ਮਾਨ ਨਾਲ ਇੱਕ ਅਹਿਮ ਮੀਟਿੰਗ ਹੋਈ ਸੀ। ਇਸ ਵਿੱਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੀਆਂ ਅਹਿਮ ਮੰਗਾਂ ਬਾਰੇ ਚਰਚਾ ਕੀਤੀ ਗਈ ਸੀ। ਇਸ ਮੀਟਿੰਗ ਦੌਰਾਨ ਸਰਕਾਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਚ ਕਈ ਅਹਿਮ ਮੁੱਦਿਆਂ ਤੇ ਸਹਿਮਤੀ ਬਣੀ ਸੀ। ਪੰਜਾਬ ਸਰਕਾਰ ਨੇ ਨਵੀਂ ਖੇਤੀ ਨੀਤੀ ਤੇ ਡੂੰਘਾਈ ਨਾਲ ਚਰਚਾ ਕੀਤੀ ਤੇ ਇਸ ਨੀਤੀ ਦਾ ਖਰੜਾ ਵੱਖ-ਵੱਖ ਵਿਭਾਗਾਂ ਨੂੰ ਭੇਜ ਦਿੱਤਾ ਗਿਆ ਹੈ। ਇਸ ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਕਿਸਾਨਾਂ ਦੇ ਕਰਜ਼ ਮੁਆਫ਼ੀ ਲਈ ਵਨ ਟਾਈਮ ਸੈਟਲਮੈਂਟ ਸਕੀਮ ਦਾ ਐਲਾਨ ਕੀਤਾ ਗਿਆ।

ਕਿਸਾਨਾਂ ਨਾਲ ਬਣੀ ਸੀ ਸਹਿਮਤੀ
ਨਾਲ ਹੀ ਮੀਟਿੰਗ ‘ਚ ਕਿਸਾਨਾਂ ਖ਼ਿਲਾਫ਼ ਦਰਜ ਐਫਆਈਆਰ ਨੂੰ ਖ਼ਤਮ ਕਰਨ ‘ਤੇ ਸਹਿਮਤੀ ਬਣੀ ਸੀ। ਫਸਲੀ ਵਿਭਿੰਨਤਾ ਤੇ ਇਨਾਮੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਕਿਸਾਨਾਂ ਨੂੰ ਆਪਣੀ ਖੇਤੀ ਨੂੰ ਹੋਰ ਫ਼ਾਇਦੇਮੰਦ ਬਣਾਉਣ ‘ਚ ਮਦਦ ਮਿਲੇਗੀ।