ਮਿਆਂਮਾਰ ‘ਚ ਆਇਆ 6.1 ਤੀਬਰਤਾ ਦਾ ਭੂਚਾਲ

ਕੁਆਲਾਲੰਪੁਰ : ਸ਼ੁੱਕਰਵਾਰ ਸਵੇਰੇ ਭਾਰਤੀ ਸਰਹੱਦ ਦੇ ਨੇੜੇ ਉੱਤਰ-ਪੱਛਮੀ ਮਿਆਂਮਾਰ ਵਿੱਚ 6.1 ਤੀਬਰਤਾ ਦਾ ਭੂਚਾਲ ਆਇਆ। ਉੱਥੇ ਆਬਾਦੀ ਘੱਟ ਹੋਣ ਕਾਰਨ ਨੁਕਸਾਨ ਵੀ ਘੱਟ ਹੋਇਆ ਹੈ। ਯੂਐਸ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਭੂਚਾਲ ਦਾ ਕੇਂਦਰ ਹਾਖਾ ਸ਼ਹਿਰ ਦੇ ਨੇੜੇ, 32.8 ਕਿਲੋਮੀਟਰ ਦੀ ਡੂੰਘਾਈ ਵਿਚ ਸੀ, ਭੂਚਾਲ ਦੇ ਝਟਕੇ ਭਾਰਤ ਵਿੱਚ ਸਰਹੱਦ ਪਾਰ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਵੀ ਮਹਿਸੂਸ ਕੀਤੇ ਗਏ। ਖੇਤਰ ਵਿੱਚ ਹਾਲ ਹੀ ਵਿੱਚ ਆਏ ਭੂਚਾਲਾਂ ਨੇ ਜ਼ਮੀਨ ਖਿਸਕਣ ਦਾ ਖ਼ਤਰਾ ਵਧਾ ਦਿੱਤਾ ਹੈ।

ਅਮਰੀਕਾ ਵੱਲੋਂ ਬਾਲਗਾਂ ਨੂੰ ਬੂਸਟਰ ਖ਼ੁਰਾਕ ਦੇਣੀ ਸ਼ੁਰੂ
ਵਾਸ਼ਿੰਗਟਨ : ਹੁਣ ਅਮਰੀਕਾ ਨੇ ਮੁਕੰਮਲ ਕੋਵਿਡ-19 ਟੀਕਾਕਰਣ ਕਰਵਾ ਚੁੱਕੇ ਸਾਰੇ ਬਾਲਗਾਂ ਨੂੰ ਬੂਸਟਰ ਖ਼ੁਰਾਕ ਦੇਣੀ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਦਰਮਿਆਨ ਮਾਪਿਆਂ ਵਿਚ ਆਪਣੇ ਛੋਟੇ ਬੱਚਿਆਂ ਜਾਂ ਨਾਬਾਲਗਾਂ ਨੂੰ ਬੂਸਟਰ ਖ਼ੁਰਾਕ ਦੇਣ ਬਾਰੇ ਦੁਚਿੱਤੀ ਪਾਈ ਜਾ ਰਹੀ ਹੈ। ਇਸ ਸਮੇਂ ਫਾਈਜ਼ਰ ਜਾਂ ਮੋਡਰਨਾ ਕੋਰੋਨਾ ਵੈਕਸੀਨ ਦੀ ਸਾਰੇ ਬਾਲਗਾਂ ਜਿਨ੍ਹਾਂ ਨੇ ਘੱਟੋ-ਘੱਟ 6 ਮਹੀਨੇ ਪਹਿਲਾਂ ਕੋਵਿਡ-19 ਦੀਆਂ ਦੋਵੇਂ ਖੁਰਾਕਾਂ ਲਗਵਾ ਲਈਆਂ ਹਨ, ਨੂੰ ਬੂਸਟਰ ਖ਼ੁਰਾਕ ਦੇਣ ਦੀ ਸਿਫ਼ਾਰਿਸ਼ ਕੀਤੀ ਗਈ ਹੈ।

ਕਿਤਾਬ ਨੂੰ ਲੈ ਕੇ ਮਿਲ ਰਹੀਆਂ ਹਨ ਧਮਕੀਆਂ
ਨੋਰਫੋਲਕ : ਵਰਜੀਨੀਆ ਵਿਚ ਇਕ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਕਿਹਾ ਹੈ ਕਿ ਉਸ ਨੂੰ ਹਾਲ ਹੀ ਵਿੱਚ ਪ੍ਰਕਾਸ਼ਿਤ ਕਿਤਾਬ ਨੂੰ ਲੈ ਕੇ ਧਮਕੀਆਂ ਮਿਲ ਰਹੀਆਂ ਹਨ ਅਤੇ ਨਤੀਜੇ ਵਜੋਂ ਉਹ ਅਸਤੀਫਾ ਦੇ ਦੇਣਗੇ। ਕਿਤਾਬ ਵਿੱਚ 40 ਤੋਂ ਵੱਧ ਬਾਲਗਾਂ ਦੇ ਇੰਟਰਵਿਊ ਹਨ ਜੋ ਨਾਬਾਲਗਾਂ ਵੱਲ ਜਿਨਸੀ ਤੌਰ ‘ਤੇ ਆਕਰਸ਼ਿਤ ਹੋਏ ਹਨ, ਜਿਸਦਾ ਲੇਖਕ ਕਹਿੰਦਾ ਹੈ ਕਿ ਇਸਦਾ ਗਲਤ ਅਰਥ ਕੱਢਿਆ ਗਿਆ ਹੈ।

ਆਪਣੇ ਕੋਲ ਕੋਈ ਜਾਇਦਾਦ ਨਹੀਂ ਰੱਖਣਾ ਚਾਹੁੰਦੇ ਏਲੋਨ ਮਸਕ
ਸੈਨ ਫਰਾਂਸਿਸਕੋ : ਏਲੋਨ ਮਸਕ ਨੇ ਪਿਛਲੇ ਸਾਲ ਇਕ ਟਵੀਟ ਪੋਸਟ ਕੀਤਾ ਸੀ ਜਿਸ ਵਿਚ ਉਸ ਨੇ ਦੱਸਿਆ ਸੀ ਕਿ ਉਹ ਆਪਣੀ ਲਗਭਗ ਸਾਰੀ ਭੌਤਿਕ ਜਾਇਦਾਦ ਵੇਚ ਦੇਵੇਗਾ। ਇਸ ਦੇ ਮੱਦੇਨਜ਼ਰ, ਸਪੇਸਐਕਸ ਦੇ ਸੀਈਓ ਨੇ ਸਾਲ ਦੇ ਅੰਤ ਤੱਕ ਆਪਣੇ ਚਾਰ ਨਿਵਾਸ $62 ਮਿਲੀਅਨ ਵਿਚ ਵੇਚ ਦਿੱਤੇ। ਤੁਹਾਨੂੰ ਦੱਸ ਦੇਈਏ ਕਿ ਏਲਨ ਇਸ ਸਮੇਂ ਆਪਣੀ ਆਖਰੀ ਜਾਇਦਾਦ ਵੀ ਵੇਚਣ ਜਾ ਰਿਹਾ ਹੈ। ਅਮਰੀਕਾ ਦੇ ਸੈਨ ਫਰਾਂਸਿਸਕੋ ਖੇਤਰ ਵਿਚ ਸਥਿਤ ਏਲੋਨ ਮਸਕ ਦਾ ਘਰ ਪਹਿਲਾਂ 32 ਮਿਲੀਅਨ ਡਾਲਰ ਵਿਚ ਸੂਚੀਬੱਧ ਸੀ।

ਚੀਨ ਤੇ ਪਾਕਿਸਤਾਨ ਨੇ ਨੇਪਾਲ ‘ਚ ਗਤੀਵਿਧੀਆਂ ਵਧਾਈਆਂ
ਨਵੀਂ ਦਿੱਲੀ : ਇਕ ਪਾਸੇ ਚੀਨ ਆਪਣੀ ਫੌਜੀ ਤਾਕਤ ਵਧਾਉਣ ਲਈ ਪਾਕਿਸਤਾਨ ਦੀ ਲਗਾਤਾਰ ਮਦਦ ਕਰ ਰਿਹਾ ਹੈ ਅਤੇ ਦੂਜੇ ਪਾਸੇ ਚੀਨ ਅਤੇ ਪਾਕਿਸਤਾਨ ਦੋਵਾਂ ਨੇ ਨੇਪਾਲ ਵਿਚ ਤੇਜ਼ੀ ਨਾਲ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ। ਖੁਫੀਆ ਏਜੰਸੀ ਦੇ ਸੂਤਰਾਂ ਮੁਤਾਬਕ ਚੀਨ ਨੇਪਾਲ ‘ਚ ਚੀਨ ਵਿਰੋਧੀ ਭਾਵਨਾਵਾਂ ਨੂੰ ਨੱਥ ਪਾਉਣ ਲਈ ‘ਇਕ ਪਿੰਡ ਇਕ ਦੋਸਤ’ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ।

ਪਾਕਿਸਤਾਨ ਦਾ ਡਿਪਲੋਮੈਟ ਤਲਬ
ਭਾਰਤ ਨੇ 26/11 ਨੂੰ ਮੁੰਬਈ ’ਤੇ ਹੋਏ ਅਤਿਵਾਦੀ ਹਮਲੇ ਦੀ 13ਵੀਂ ਬਰਸੀ ਮੌਕੇ ਅੱਜ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਡਿਪਲੋਮੈਟ ਨੂੰ ਤਲਬ ਕੀਤਾ। ਵਿਦੇਸ਼ ਮਤਰਾਲੇ ਨੇ ਪਾਕਿਸਤਾਨ ਪਾਸੋਂ ਹਮਲੇ ਨਾਲ ਸਬੰਧਤ ਕੇਸ ਦੀ ਛੇਤੀ ਸੁਣਵਾਈ ਕਰਨ ਦੀ ਮੰਗ ਕੀਤੀ। ਭਾਰਤ ਨੇ ਇਸ ਗੱਲ ’ਤੇ ਨਾਰਾਜ਼ਗੀ ਪ੍ਰਗਟਾਈ ਕਿ 13 ਸਾਲ ਗੁਜ਼ਰ ਜਾਣ ਦੇ ਬਾਵਜੂਦ ਹਮਲੇ ਵਿੱਚ ਮਾਰੇ ਗਏ 166 ਲੋਕਾਂ ਦੇ ਪਰਿਵਾਰਾਂ ਨੂੰ ਹਾਲੇ ਵੀ ਇਨਸਾਫ਼ ਨਹੀਂ ਮਿਲਿਆ।

ਟੀਵੀ ਪੰਜਾਬ ਬਿਊਰੋ