ਪੈਰਾਸੀਟਾਮੋਲ ਸਮੇਤ 53 ਦਵਾਈਆਂ ਕੁਆਲਿਟੀ ਦੇ ਟੈਸਟ ’ਚ ਫ਼ੇਲ੍ਹ

ਡੈਸਕ- ਆਮ ਤੌਰ ’ਤੇ ਬੁਖਾਰ ’ਚ ਖਾਧੀਆਂ ਜਾਣ ਵਾਲੀਆਂ ਪੈਰਾਸੀਟਾਮੋਲ ਦੀਆਂ ਗੋਲੀਆਂ ਕੁਆਲਿਟੀ ਦੇ ਟੈਸਟ ’ਚ ਫ਼ੇਲ੍ਹ ਸਾਬਤ ਹੋਈਆਂ ਹਨ। ਇਹੀ ਨਹੀਂ ਕੈਲਸ਼ੀਅਮ ਅਤੇ ਵਿਟਾਮਿਨ ਡੀ3 ਸਪਲੀਮੈਂਟਸ, ਡਾਇਬਿਟੀਜ਼ ਦੀਆਂ ਗੋਲੀਆਂ ਅਤੇ ਐਂਟੀ-ਬਲੱਡ ਪ੍ਰੈਸ਼ਰ ਦਵਾਈਆਂ ਸਮੇਤ 50 ਤੋਂ ਵੱਧ ਦਵਾਈਆਂ ਡਰੱਗ ਰੈਗੂਲੇਟਰ ਵਲੋਂ ਕੀਤੇ ਗਏ ਕੁਆਲਿਟੀ ਦੇ ਟੈਸਟਾਂ ’ਚ ਫੇਲ੍ਹ ਹੋ ਗਈਆਂ ਹਨ।

ਭਾਰਤੀ ਡਰੱਗ ਰੈਗੂਲੇਟਰ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਅਪਣੀ ਅਧਿਕਾਰਤ ਵੈੱਬਸਾਈਟ ’ਤੇ ਕੁਆਲਿਟੀ ਟੈਸਟ ’ਚ ਫੇਲ੍ਹ ਹੋਣ ਵਾਲੀਆਂ ਦਵਾਈਆਂ ਦੀ ਸੂਚੀ ਜਾਰੀ ਕੀਤੀ ਹੈ। ਭਾਰਤੀ ਡਰੱਗ ਰੈਗੂਲੇਟਰ, ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ, ਹਰ ਮਹੀਨੇ ਕੁੱਝ ਦਵਾਈਆਂ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਲਈ ਉਨ੍ਹਾਂ ਦੀ ਚੋਣ ਕਰਦਾ ਹੈ।

ਫਿਰ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਵਾਰ ਸਰਕਾਰੀ ਸੰਸਥਾ ਨੇ ਵਿਟਾਮਿਨ ਸੀ ਅਤੇ ਡੀ3 ਦੀਆਂ ਗੋਲੀਆਂ ਸ਼ੈਲਕਲ, ਵਿਟਾਮਿਨ ਬੀ ਕੰਪਲੈਕਸ ਅਤੇ ਵਿਟਾਮਿਨ ਸੀ ਸਾਫਟਜੈਲ, ਐਂਟੀਐਸਿਡ ਪੈਨ-ਡੀ, ਪੈਰਾਸੀਟਾਮੋਲ ਆਈਪੀ 500 ਮਿਲੀਗ੍ਰਾਮ, ਡਾਇਬਿਟੀਜ਼ ਦੀ ਦਵਾਈ ਗਲਾਈਮਪੀਰਾਈਡ, ਹਾਈ ਬਲੱਡ ਪ੍ਰੈਸ਼ਰ ਦਵਾਈ ਟੈਲਮਿਸਰਟਨ ਵਰਗੀਆਂ ਦਵਾਈਆਂ ਦੀ ਜਾਂਚ ਕੀਤੀ ਜੋ ਕੁਆਲਟੀ ਟੈਸਟ ’ਚ ਫੇਲ੍ਹ ਰਹੀਆਂ।

ਇਨ੍ਹਾਂ ਦਵਾਈਆਂ ਦਾ ਨਿਰਮਾਣ ਹੇਟਰੋ ਡਰੱਗਜ਼, ਅਲਕੇਮ ਲੈਬਾਰਟਰੀਜ਼, ਹਿੰਦੁਸਤਾਨ ਐਂਟੀਬਾਇਓਟਿਕਸ ਲਿਮਟਿਡ, ਕਰਨਾਟਕ ਐਂਟੀਬਾਇਓਟਿਕਸ ਐਂਡ ਫਾਰਮਾਸਿਊਟੀਕਲਜ਼੍ਰ ਲਿਮਟਿਡ, ਮੇਗ ਲਾਈਫਸਾਇੰਸਜ਼, ਪਿਊਰ ਐਂਡ ਕਿਊਰ ਹੈਲਥਕੇਅਰ ਅਤੇ ਕਈ ਪ੍ਰਮੁੱਖ ਦਵਾਈ ਨਿਰਮਾਤਾ ਕੰਪਨੀਆਂ ਨੇ ਕੀਤਾ ਸੀ।