ਫੌਜ ਦੇ ਕਾਫਿਲੇ ‘ਤੇ ਹਮਲਾ, ਪੰਜਾਬ ਦੇ ਚਾਰ ਜਵਾਨਾਂ ਸਣੇ 5 ਹੋਏ ਸ਼ਹੀਦ

ਡੈਸਕ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਫੌਜ ਦੇ ਟਰੱਕ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਜਿਸਦੇ ਬਾਅਦ ਟਰੱਕ ਵਿਚ ਅੱਗ ਲੱਗ ਗਈ। ਹਾਦਸੇ ਵਿਚ ਪੰਜਾਬ ਦੇ 4 ਜਵਾਨਾਂ ਸਣੇ 5 ਸ਼ਹੀਦ ਹੋ ਗਏ ਜਦੋਂ ਕਿ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀ ਜਵਾਨ ਨੂੰ ਤੁਰਤ ਰਾਜੌਰੀ ਦੇ ਆਰਮੀ ਹਸਪਤਾਲ ਪਹੁੰਚਾਇਆ ਗਿਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਫੌਜ ਦਾ ਵਾਹਨ ਪੁਣਛ ਜ਼ਿਲ੍ਹੇ ’ਚ ਭਿੰਬਰ ਗਲੀ ਤੋਂ ਸੰਗੀਓਟ ਵੱਲ ਜਾ ਰਿਹਾ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਟਵੀਟ ਕਰਦਿਆਂ CM ਮਾਨ ਨੇ ਲਿਖਿਆ ਕਿ -ਰਾਸ਼ਟਰੀ ਰਾਈਫਲਜ਼ ਦੇ ਪੰਜ ਜਵਾਨ ਜਿਨ੍ਹਾਂ ਵਿਚੋਂ ਚਾਰ ਜਵਾਨ ਪੰਜਾਬ ਤੋਂ ਸਨ, ਇਕ ਅੱਤਵਾਦੀ ਹਮਲੇ ਵਿਚ ਸ਼ਹੀਦ… “ਸਰਹੱਦਾਂ ਦੇ ਰਖਵਾਲੇ ਅਮਰ ਰਹਿਣ … ਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ੇ, ਪ੍ਰਣਾਮ ਸ਼ਹੀਦਾਂ ਨੂੰ”।

ਰਾਸ਼ਟਰੀ ਰਾਈਫਲਜ ਦੇ ਸ਼ਹੀਦ ਹੋਏ ਪੰਜ ਜਵਾਨਾਂ ਵਿਚੋਂ ਚਾਰ ਪੰਜਾਬ ਤੋਂ ਸਨ। ਸ਼ਹੀਦ ਜਵਾਨਾਂ ਵਿਚ ਮਨਦੀਪ ਸਿੰਘ, ਸੇਵਕ ਸਿੰਘ, ਹਰਕ੍ਰਿਸ਼ਨ ਸਿੰਘ, ਕੁਲਵੰਤ ਸਿੰਘ ਅਤੇ ਦੇਬਅਸ਼ੀਸ਼ ਬਸਵਾਲ ਸ਼ਾਮਲ ਹਨ। ਮਨਦੀਪ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਲਾਗੇ ਪਿੰਡ ਚਣਕੋਈਆਂ ਕਲਾਂ ਦਾ ਰਹਿਣ ਵਾਲਾ ਸੀ। ਉਹ ਆਪਣੇ ਪਿੱਛੇ ਆਪਣੀ ਮਾਂ, ਪਤਨੀ ਤੇ ਬੇਟਾ ਤੇ ਬੇਟੀ, ਭਰਾਵਾਂ ਸਮੇਤ ਹੱਸਦੇ ਵੱਸਦੇ ਪਰਿਵਾਰ ਨੂੰ ਅਲਵਿਦਾ ਆਖ ਗਿਆ ਹੈ।