ਮੈਕਸੀਕੋ ਤੋ ਬਾਅਦ ਟਰੰਪ ਨੇ ਹੁਣ ਕੈਨੇਡਾ ’ਤੇ ਵੀ ਦਿਖਾਈ ਨਰਮੀ, ਟਰੂਡੋ ਨਾਲ ਫੋਨ ’ਤੇ ਗੱਲਬਾਤ ’ਚ ਟੈਰਿਫ ’ਚ ਰਾਹਤ ਦੇ ਦਿੱਤੇ ਸੰਕੇਤ

Ottawa/Washington- ਕੈਨੇਡਾ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ ’ਤੇ ਗੱਲਬਾਤ ਕੀਤੀ| ਟਰੰਪ ਦੇ ਟੈਰਿਫ ਯੁੱਧ ਦੇ ਐਲਾਨ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਗੱਲਬਾਤ ਸੀ|
ਟਰੰਪ ਲਗਾਤਾਰ ਯੂ-ਟਰਨ ਲੈਂਦੇ ਨਜ਼ਰ ਆ ਰਹੇ ਹਨ| ਦਰਅਸਲ, ਸਹੁੰ ਚੁੱਕਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੂਜੇ ਦੇਸ਼ਾਂ ’ਤੇ ਟੈਰਿਫ ਦੀ ਬਾਰਿਸ਼ ਕਰ ਰਹੇ ਸਨ ਪਰ ਬੀਤੇ ਕੱਲ੍ਹ ਉਨ੍ਹਾਂ ਨੇ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨਾਲ ਫੋਨ ’ਤੇ ਗੱਲ ਕੀਤੀ ਅਤੇ ਟੈਰਿਫ ਨੂੰ ਮੁਲਤਵੀ ਕਰਨ ਲਈ ਆਪਣੀ ਸਹਿਮਤੀ ਜਤਾਈ|
ਟਰੰਪ ਨਾਲ ਗੱਲਬਾਤ ਤੋਂ ਬਾਅਦ ਕੈਨੇਡਾ ਦੇ ਕਾਰਜਾਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਟਰੰਪ ਨਾਲ ਗੱਲਬਾਤ ਚੰਗੀ ਰਹੀ ਅਤੇ ਉਹ ਨਿਰਯਾਤ ’ਤੇ ਲਗਾਏ ਗਏ 25% ਟੈਰਿਫ ਨੂੰ ‘ਘੱਟੋ-ਘੱਟ 30 ਦਿਨਾਂ’ ਲਈ ਰੋਕਣ ਲਈ ਸਹਿਮਤ ਹੋਏ ਹਨ|
ਇਸ ਤੋਂ ਇਲਾਵਾ ਦੋਵੇਂ ਨੇਤਾ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਫੈਂਟਾਨਿਲ ’ਤੇ ਚਿੰਤਾਵਾਂ ਨੂੰ ਦੂਰ ਕਰਨ ਲਈ ਕੰਮ ਕਰਨ ਲਈ ਸਹਿਮਤ ਹੋਏ| ਟਰੂਡੋ ਨੇ ਕਿਹਾ ਕਿ ਕੈਨੇਡਾ ਨਵੇਂ ਹੈਲੀਕਾਪਟਰਾਂ, ਤਕਨਾਲੋਜੀ ਅਤੇ ਕਰਮਚਾਰੀਆਂ ਨਾਲ ਸਰਹੱਦ ਨੂੰ ਮਜ਼ਬੂਤ ਕਰਨ, ਅਮਰੀਕੀ ਭਾਈਵਾਲਾਂ ਨਾਲ ਤਾਲਮੇਲ ਵਧਾਉਣ ਅਤੇ ਫੈਂਟਾਨਿਲ ਦੇ ਪ੍ਰਵਾਹ ਨੂੰ ਰੋਕਣ ਲਈ ਸਰੋਤ ਵਧਾਉਣ ਲਈ 1.3 ਬਿਲੀਅਨ ਡਾਲਰ ਦੀ ਯੋਜਨਾ ਲਾਗੂ ਕਰੇਗਾ|
ਇੱਥੇ ਇਹ ਦੱਸ ਕਈਏ ਕਿ ਕੈਨੇਡਾ ਨੇ ਵੀ ਅਮਰੀਕੀ ਦਰਾਮਦਾਂ ’ਤੇ ਜਵਾਬੀ 25% ਟੈਰਿਫ ਦਾ ਐਲਾਨ ਕੀਤਾ, ਜੋ ਮੰਗਲਵਾਰ ਨੂੰ ਲਗਾਇਆ ਜਾਣਾ ਸੀ| ਬੀਅਰ, ਵਾਈਨ, ਘਰੇਲੂ ਉਪਕਰਨਾਂ ਅਤੇ ਖੇਡਾਂ ਦੇ ਸਮਾਨ ’ਤੇ ਓਟਵਾ ਵਲੋਂ ਟੈਰਿਫ ਲਗਾਏ ਜਾਣੇ ਸਨ|