ਨਵੀਂ ਦਿੱਲੀ : ਭਾਰਤੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ। ਉਸ ਦੀ ਇਸ ਪ੍ਰਾਪਤੀ ਨੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਹੰਗਰੀ ਵਿਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕਰਨ ਵਾਲੀ ਪ੍ਰਿਆ ਮਲਿਕ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੀ ਵਸਨੀਕ ਹੈ। ਉਹ ਚੌਧਰੀ ਭਰਤ ਸਿੰਘ ਮੈਮੋਰੀਅਲ ਸਪੋਰਟਸ ਸਕੂਲ ਨਿਦਾਨ (ਸੀਬੀਐਸਐਮ ਸਪੋਰਟਸ ਸਕੂਲ ਨਿਦਾਨ) ਦੀ ਵਿਦਿਆਰਥੀ ਹੈ।
ਪ੍ਰਿਆ ਦੇ ਪਿਤਾ ਜੈ ਭਗਵਾਨ ਭਾਰਤੀ ਸੈਨਾ ਤੋਂ ਸੇਵਾਮੁਕਤ ਹੋ ਗਏ ਹਨ। ਪ੍ਰਿਆ ਦੇ ਕੋਚ ਅੰਸ਼ੂ ਮਲਿਕ ਨੇ ਪ੍ਰਿਆ ਮਲਿਕ ਦੀ ਸਫਲਤਾ ਵਿਚ ਵੱਡੀ ਭੂਮਿਕਾ ਨਿਭਾਈ ਹੈ। ਪ੍ਰਿਆ ਨੇ ਸਾਲ 2020 ਵਿਚ ਹੋਈਆਂ ਨੈਸ਼ਨਲ ਸਕੂਲ ਖੇਡਾਂ ਵਿਚ ਗੋਲਡ ਮੈਡਲ ਜਿੱਤਿਆ ਸੀ। ਇਸ ਤੋਂ ਇਲਾਵਾ ਉਸ ਨੇ ਪਿਛਲੇ ਸਾਲ ਪਟਨਾ ਵਿਚ ਹੋਈ ਰਾਸ਼ਟਰੀ ਕੈਡਿਟ ਕੁਸ਼ਤੀ ਮੁਕਾਬਲੇ ਵਿਚ ਵੀ ਗੋਲਡ ਮੈਡਲ ਜਿੱਤਿਆ ਸੀ। ਉਸਦਾ ਸੁਪਨਾ ਇਕ ਦਿਨ ਉਲੰਪਿਕ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨਾ ਹੈ।
ਟੀਵੀ ਪੰਜਾਬ ਬਿਊਰੋ