ਖਾਣਾ ਬਨਾਉਣ ਦੀਆਂ ਵਿਧੀਆਂ ਦੇ ਮੁਕਾਬਲੇ ਹੋਏ

ਲੁਧਿਆਣਾ : ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਨਿਊਟ੍ਰੀਸ਼ਨ ਸੁਸਾਇਟੀ ਆਫ ਇੰਡੀਆ ਅਤੇ ਇੰਡੀਅਨ ਡਾਇਟੈਟਿਕ ਐਸੋਸੀਏਸ਼ਨ ਦੀ ਪੰਜਾਬ ਸ਼ਾਖਾ ਦੇ ਸਹਿਯੋਗ ਨਾਲ ਰਾਸ਼ਟਰੀ ਪੋਸ਼ਣ ਮਹੀਨੇ ਸੰਬੰਧੀ ਸਮਾਗਮ ਕਰਵਾਏ ਗਏ । ਇਸੇ ਸਿਲਸਿਲੇ ਵਿੱਚ ਅੰਤਰ ਕਾਲਜ ਖਾਣਾ ਬਨਾਉਣ ਦੀਆਂ ਵਿਧੀਆਂ ਦਾ ਮੁਕਾਬਲਾ ਹੋਇਆ।

ਇਸ ਮੁਕਾਬਲੇ ਦਾ ਥੀਮ ਬਾਜਰੇ ਤੋਂ ਬਨਣ ਵਾਲੇ ਪੋਸ਼ਕ ਭੋਜਨ ਦੀਆਂ ਵਿਧੀਆਂ ਰੱਖਿਆ ਗਿਆ ਸੀ । ਲੁਧਿਆਣੇ ਦੇ 7 ਕਾਲਜਾਂ ਦੇ ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ। ਇੰਡੀਅਨ ਡਾਇਟੈਟਿਕ ਐਸੋਸੀਏਸ਼ਨ ਪੰਜਾਬ ਸ਼ਾਖਾ ਦੇ ਪ੍ਰਧਾਨ ਡਾ. ਜਸਪ੍ਰੀਤ ਕੌਰ ਨੇ ਰਵਾਇਤੀ ਭੋਜਨਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਐਸੇ ਹੋਰ ਮੁਕਾਬਲੇ ਕਰਵਾਏ ਜਾਣ ਦੀ ਲੋੜ ਤੇ ਜ਼ੋਰ ਦਿੱਤਾ।

ਵਿਭਾਗ ਦੇ ਮੁਖੀ ਡਾ. ਕਿਰਨ ਬੈਂਸ ਨੇ ਕਿਹਾ ਕਿ ਰਵਾਇਤੀ ਅਨਾਜ ਵਜੋਂ ਬਾਜਰੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਿਹਤ ਲਈ ਲਾਹੇਵੰਦ ਹਨ । ਇਹਨਾਂ ਤੱਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਅਨਾਜ ਤੋਂ ਹੋਰ ਪਕਵਾਨ ਬਣਾਏ ਜਾਣ ਦੀ ਲੋੜ ਹੈ ।

ਇਸ ਮੁਕਾਬਲੇ ਵਿਚ ਸਰਕਾਰੀ ਕਾਲਜ ਲੜਕੀਆਂ ਤੋਂ ਕੁਮਾਰੀ ਵੰਸ਼ਿਕਾ ਜੈਨ ਪਹਿਲੇ ਸਥਾਨ ਤੇ ਰਹੇ, ਗੁਰੂ ਨਾਨਕ ਕਾਲਜ ਦੇ ਬੀਬਾ ਸਿਮਰਨਜੋਤ ਕੌਰ ਨੂੰ ਦੂਸਰਾ ਅਤੇ ਕਮਿਊਨਟੀ ਸਾਇੰਸ ਦੇ ਕੁਮਾਰੀ ਹਰਲੀਨ ਕੌਰ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ।

ਟੀਵੀ ਪੰਜਾਬ ਬਿਊਰੋ