PAU ਦੀ ਵਿਦਿਆਰਥਣ ਨੂੰ ਮਿਲਿਆ ਪੇਪਰ ਪੇਸ਼ਕਾਰੀ ਲਈ ਸਰਵੋਤਮ ਪੁਰਸਕਾਰ

ਲੁਧਿਆਣਾ : ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਦੀ ਖੋਜਾਰਥਣ ਕੁਮਾਰੀ ਪੂਜਾ ਭੱਟ ਨੂੰ ਤਾਮਿਲਨਾਡੂ ਖੇਤੀ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਅੰਤਰ ਰਾਸ਼ਟਰੀ ਸੈਮੀਨਾਰ ਦੌਰਾਨ ਪੇਪਰ ਪੇਸ਼ਕਾਰੀ ਲਈ ਸਰਵੋਤਮ ਪੇਸ਼ਕਾਰੀ ਪੁਰਸਕਾਰ ਪ੍ਰਾਪਤ ਹੋਇਆ ਹੈ। ਇਹ ਸੈਮੀਨਾਰ ਭੋਜਨ ਪ੍ਰੋਸੈਸਿੰਗ ਖੇਤਰ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਵਿਸ਼ੇ ਹੇਠ ਕਰਵਾਇਆ ਗਿਆ ਸੀ ।

ਕੁਮਾਰੀ ਪੂਜਾ ਭੱਟ ਨੇ ਇਸ ਵਿੱਚ ਬਰੌਕਲੀ ਦੇ ਐਂਟੀਔਕਸੀਡੈਂਟ ਗੁਣਾਂ ਅਤੇ ਸੁਕਾਉਣ ਦੀਆਂ ਤਕਨੀਕਾਂ ਬਾਰੇ ਪੇਪਰ ਪੇਸ਼ ਕੀਤਾ । ਇਹ ਪੇਪਰ ਪੂਜਾ ਭੱਟ, ਸੋਨਿਕਾ ਸ਼ਰਮਾ, ਕਿਰਨ ਗਰੋਵਰ, ਸਵਿਤਾ ਸ਼ਰਮਾ, ਅਜਮੇਰ ਸਿੰਘ ਢੱਟ ਅਤੇ ਖੁਸ਼ਦੀਪ ਧਰਨੀ ਵੱਲੋਂ ਸਾਂਝੇ ਰੂਪ ਵਿੱਚ ਲਿਖਿਆ ਗਿਆ ਸੀ। ਇਥੇ ਜ਼ਿਕਰਯੋਗ ਹੈ ਕਿ ਕੁਮਾਰੀ ਪੂਜਾ ਭੱਟ ਆਪਣਾ ਖੋਜ ਕਾਰਜ ਡਾ. ਸੋਨਿਕਾ ਸ਼ਰਮਾ ਦੀ ਨਿਗਰਾਨੀ ਹੇਠ ਕਰ ਰਹੇ ਹਨ ।

ਡਾ. ਕਿਰਨ ਗਰੋਵਰ ਉਹਨਾਂ ਦੇ ਸਹਾਇਕ ਨਿਗਰਾਨ ਹਨ । ਉਹਨਾਂ ਨੇ ਕਿਹਾ ਕਿ ਵਿਦਿਆਰਥਣ ਵੱਲੋਂ ਪੇਸ਼ ਕੀਤੀਆਂ ਧਾਰਨਾਵਾਂ ਨੂੰ ਪੁਰਸਕਾਰ ਮਿਲਣਾ ਉਸਦੀ ਖੋਜ ਦੀ ਮੌਲਕਿਤਾ ਦਾ ਪ੍ਰਮਾਣ ਹੈ। ਵਾਈਸ ਚਾਂਸਲਰ ਸ੍ਰੀ ਅਨਿਰੁਧ ਤਿਵਾੜੀ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜਸਕਰਨ ਸਿੰਘ ਮਾਹਲ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਨੇ ਵਿਦਿਆਰਥਣ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

ਟੀਵੀ ਪੰਜਾਬ ਬਿਊਰੋ