Phoenix- ਅਮਰੀਕੀ ਸ਼ਹਿਰ ਫੀਨਿਕਸ ’ਚ 110 ਡਿਗਰੀ ਫਾਰਨਹੀਟ ਜਾਂ ਇਸ ਤੋਂ ਵੱਧ ਦੇ ਤਾਪਮਾਨ ਦਾ ਲਗਾਤਾਰ 31 ਦਿਨਾਂ ਦਾ ਰਿਕਾਰਡ ਤੋੜਨ ਵਾਲੀ ਗਰਮੀ ਦਾ ਸਿਲਸਿਲਾ ਬੀਤੇ ਦਿਨ ਖ਼ਤਮ ਹੋ ਗਿਆ। ਕੌਮੀ ਮੌਸਮ ਸੇਵਾ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਬੀਤੇ ਦਿਨ ਸ਼ਹਿਰ ਦੇ ਹਵਾਈ ਅੱਡੇ ’ਤੇ ਤਾਪਮਾਨ 108 ਡਿਗਰੀ ਫਾਰਨਹੀਟ ਦਰਜ ਕੀਤਾ ਗਿਆ ਸੀ। ਇੱਥੇ ਇਹ ਦੱਸਣਾ ਬਣਦਾ ਹੈ ਕਿ ਲੋਹੜੇ ਦੀ ਗਰਮੀ ਦਾ ਪੁਰਾਣਾ ਰਿਕਾਰਡ ਸਾਲ 1974 ’ਚ ਬਣਿਆ ਸੀ, ਜਦੋਂ ਇੱਥੇ ਲਗਾਤਾਰ 18 ਦਿਨਾਂ ਤੱਕ ਤਾਪਮਾਨ 110 ਡਿਗਰੀ ਫਾਰਨਹੀਟ ਤੋਂ ਉੱਪਰ ਦਰਜ ਕੀਤਾ ਗਿਆ ਸੀ। ਇਹ ਪੁਰਾਣਾ ਰਿਕਾਰਡ ਤਾਂ ਜੂਨ ਮਹੀਨੇ ਹੀ ਟੁੱਟ ਗਿਆ ਸੀ, ਜਦੋਂ ਗਰਮੀ ਦੀ ਲਹਿਰ ਨੇ ਅਮਰੀਕਾ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕੀਤਾ ਸੀ।
ਅਮਰੀਕੀ ਮੌਸਮ ਸੇਵਾ ਨੇ ਇਸ ਸਬੰਧੀ ਦੱਸਿਆ ਕਿ ਫੀਨਿਕਸ ਸਕਾਈ ਹਾਰਬਰ ਹਵਾਈ ਅੱਡੇ ’ਤੇ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 108 ਡਿਗਰੀ ਫਾਰਨਹੀਟ ਦਰਜ ਕੀਤਾ ਗਿਆ, ਜੋ ਕਿ ਆਮ ਨਹੀਂ ਹੈ ਅਤੇ ਇਹ ਆਮ ਨਾਲੋਂ ਲਗਭਗ 2 ਡਿਗਰੀ ਵਧੇਰੇ ਹੈ। ਇੰਨਾ ਹੀ ਨਹੀਂ, ਅਮਰੀਕੀ ਸੂਬੇ ਅਰੀਜ਼ੋਨਾ ਤਾਂ ਗਰਮੀ ਕਈਆਂ ਦੀ ਮੌਤ ਦਾ ਕਾਰਨ ਵੀ ਬਣੀ। ਕਾਊਂਟੀ ਦੇ ਜਨਤਕ ਸਿਹਤ ਵਿਭਾਗ ਦੀ ਹਾਲੀਆ ਰਿਪੋਰਟ ਮੁਤਾਬਕ 1.6 ਮਿਲੀਅਨ ਆਬਾਦੀ ਵਾਲੇ ਸ਼ਹਿਰ ਮੈਰੀਕੋਪਾ ਕਾਊਂਟੀ ’ਚ ਗਰਮੀ ਕਾਰਨ 25 ਮੌਤਾਂ ਦੀ ਪੁਸ਼ਟੀ ਹੋਈ ਹੈ। ਫੀਨਿਕਸ ਦੇ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਗਰਮ ਮੌਸਮ ਦਾ ਸਿਲਸਿਲਾ ਰੁਕਣ ਵਾਲਾ ਨਹੀਂ ਹੈ। ਵਿਭਾਗ ਨੇ ਆਉਣ ਵਾਲੇ ਬੁੱਧਵਾਰ ਨੂੰ ਇੱਥੇ 110 ਡਿਗਰੀ ਤੋਂ ਵੱਧ ਤਾਮਪਾਨ ਹੋਣ ਦੀ ਸੰਭਾਵਨਾ ਜਤਾਈ ਹੈ ਅਤੇ ਹੇਠਲੇ ਰੇਗਿਸਤਾਨ ’ਚ ਇਸ ਹਫ਼ਤੇ ਦੇ ਅੰਤ ਤੱਕ ਵੱਧ ਤੋਂ ਵੱਧ ਤਾਮਪਾਨ 115 ਡਿਗਰੀ ਫਾਰਨਹੀਟ ਤੋਂ ਉੱਪਰ ਰਹਿਣ ਦਾ ਅਨੁਮਾਨ ਲਾਇਆ ਹੈ।