ਕੇਂਦਰੀ ਪੰਜਾਬੀ ਲੇਖਕ ਸਭਾ ਦਾ ਵਫ਼ਦ ਪਰਗਟ ਸਿੰਘ ਨੂੰ ਮਿਲਿਆ

ਚੰਡੀਗੜ੍ਹ : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਵਫ਼ਦ ਨੇ ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਪਰਗਟ ਸਿੰਘ ਨਾਲ ਮੁਲਾਕਾਤ ਕਰਕੇ ਪੰਜਾਬ ਵਿਚ ਪੰਜਾਬੀ ਭਾਸ਼ਾ ਸਾਹਿਤ ਸੱਭਿਆਚਾਰ ਦੇ ਵਿਕਾਸ ਲਈ ਮੰਗ ਪੱਤਰ ਦਿੱਤਾ ਅਤੇ ਮੁੱਖ ਮੁੱਦਿਆਂ ‘ਤੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸੀਨੀਅਰ ਮੀਤ ਪ੍ਰਧਾਨ ਡਾ ਜੋਗਾ ਸਿੰਘ ਵਿਰਕ ਦੀ ਅਗਵਾਈ ਵਿਚ ਮੰਤਰੀ ਨੂੰ ਮਿਲੇ ਡੈਲੀਗੇਸ਼ਨ ਵਿਚ ਸ੍ਰੀ ਸੁਸ਼ੀਲ ਦੁਸਾਂਝ ਸਾਬਕਾ ਜਨਰਲ ਸਕੱਤਰ ਅਤੇ ਸ੍ਰੀ ਗੁਰਨਾਮ ਕੰਵਰ ਕਾਰਜਕਾਰੀ ਮੈਂਬਰ ਸ਼ਾਮਲ ਸਨ।

ਵਫ਼ਦ ਨੇ ਕੱਲ੍ਹ ਭਾਸ਼ਾ ਮੰਤਰੀ ਸ. ਪਰਗਟ ਸਿੰਘ ਨਾਲ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਚ ਕੇਂਦਰੀ ਸਭਾ ਦੇ ਸਾਬਕਾ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਪ੍ਰਸਿੱਧ ਪੰਜਾਬੀ ਸੰਗਰਾਮੀਏ ਪ੍ਰੋਫੈਸਰ ਮਨਜੀਤ ਸਿੰਘ ਦੀ ਇਸ ਮਾਮਲੇ ਵਿਚ ਹੋਈ ਮੀਟਿੰਗ ਨੂੰ ਅੱਗੇ ਵਧਾਉਂਦਿਆਂ ਮੰਗ ਕੀਤੀ ਕਿ ਪੰਜਾਬੀ ਭਾਸ਼ਾ ਨੂੰ ਪ੍ਰਾਇਮਰੀ ਤੋਂ ਉਚੇਰੀ ਸਿੱਖਿਆ ਪੀ.ਐਚ. ਡੀ. ਤਕ ਭਾਸ਼ਾ ਦਾ ਮਾਧਿਅਮ ਬਣਾਇਆ ਜਾਵੇ।

ਪੰਜਾਬੀ ਭਾਸ਼ਾ ਐਕਟ ਸਭ ਪੱਧਰਾਂ ਤੇ ਸੁਹਿਰਦਤਾ ਨਾਲ ਲਾਗੂ ਕੀਤਾ ਜਾਵੇ। ਕਾਨੂੰਨੀ ਤੌਰ ‘ਤੇ ਲਾਜ਼ਮੀ ਬਣਾਇਆ ਜਾਵੇ ਕਿ ਪੰਜਾਬ ਵਿਚ ਹਰ ਦੁਕਾਨ ਤੇ ਅਦਾਰੇ ਦੇ ਬਾਹਰ ਲੱਗੇ ਬੋਰਡਾਂ ਨੂੰ ਪੰਜਾਬੀ ਵਿਚ ਲਿਖਿਆ ਜਾਵੇ। ਸਕੂਲਾਂ ਤੇ ਸਮੁੱਚੀਆਂ ਲਾਇਬਰੇਰੀਆਂ ਦੀ ਹਾਲਤ ਸੁਧਾਰੀ ਜਾਵੇ ਅਤੇ ਕਾਰਜਸ਼ੀਲ ਬਣਾਇਆ ਜਾਵੇ।

ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਪੰਜਾਬੀਅਤ ਨੂੰ ਪ੍ਰਣਾਈ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੂੰ ਪੰਜਾਬ ਸਰਕਾਰ ਦੇ ਬਜਟ ਵਿਚੋਂ ਹਰ ਸਾਲ ਇਕ ਕਰੋੜ ਰੁਪਏ ਦੀ ਗਰਾਂਟ ਦਿੱਤੀ ਜਾਵੇ। ਪੰਜਾਬ ਦੇ ਸਾਰੇ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਕੀਤੇ ਜਾਣ।

ਹੋਰ ਨੁਕਤਿਆਂ ਉੱਤੇ ਵਿਸਥਾਰ ਨਾਲ ਗੱਲ ਕਰਨ ਲਈ ਵਿਸ਼ੇਸ਼ ਮੁਲਾਕਾਤ ਦੀ ਮੰਗ ਕੀਤੀ ਗਈ। ਮੰਤਰੀ ਸਾਹਿਬ ਨੇ ਹਰ ਨੁਕਤੇ ਵਿਚ ਰੁਚੀ ਲਈ ਅਤੇ ਕਿਹਾ ਕਿ 8 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਵਿਚ ਬਿੱਲ ਲਿਆਂਦਾ ਜਾਵੇਗਾ, ਇਸ ਲਈ ਡੈਲੀਗੇਸ਼ਨ ਇਹ ਸਾਰੇ ਅਤੇ ਹੋਰ ਨੁਕਤੇ ਸੰਖੇਪ ਵਿਚ ਲਿਖ ਕੇ ਅੱਜ ਹੀ ਮੰਤਰੀ ਸਾਹਿਬ ਨੂੰ ਭੇਜ ਦੇਣ।

ਡੈਲੀਗੇਸ਼ਨ ਨੇ ਸਭਾ ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਅਤੇ ਆਪਣੇ ਵੱਲੋਂ ਮੰਤਰੀ ਸਾਹਿਬ ਦੇ ਹੁੰਗਾਰੇ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਗੱਲਬਾਤ ਦੇ ਨਤੀਜੇ ਨੂੰ ਠੋਸ ਅਮਲੀ ਰੂਪ ਦਿੱਤਾ ਜਾਵੇਗਾ।

ਟੀਵੀ ਪੰਜਾਬ ਬਿਊਰੋ