ਸਿੱਖ ਸ਼ਰਧਾਲੂਆਂ ਦਾ ਜਥਾ ਵਤਨ ਪਰਤਿਆ

ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਸਿੱਖ ਸ਼ਰਧਾਲੂਆਂ ਦਾ ਜੱਥਾ ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਸੜਕ ਰਸਤੇ ਭਾਰਤ ਪਰਤ ਆਇਆ। ਪਹਿਲੀ ਪਾਤਸ਼ਾਹੀ ਦੇ ਜਨਮ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾ ਕੇ ਆਏ ਸ਼ਰਧਾਲੂ ਜਗਜੀਤ ਸਿੰਘ ਅਤੇ ਸਰਵਨ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਦੇਸ਼ਾਂ-ਵਿਦੇਸ਼ਾਂ ’ਚੋਂ ਪਹੁੰਚੇ ਹੋਏ ਸਨ।

ਭਾਰਤ-ਪਾਕਿਸਤਾਨ ਵਪਾਰ ਨੂੰ ਮੁੜ ਚਲਾਉਣ ਦੀ ਮੰਗ
ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ‘ਤੇ ਸਥਿਤ ਵਪਾਰਕ ਸੌਦੇ ਨੂੰ ਚਲਾਉਣ ਵਾਲੀ ਇੰਟੈਗ੍ਰੇਟਿਡ ਚੈੱਕ ਪੋਸਟ ਦੇ ਬਾਹਰ ਕਾਂਗਰਸ ਵੱਲੋਂ ਰੈਲੀ ਕੀਤੀ ਗਈ। ਰੈਲੀ ਦਾ ਮੁੱਖ ਮਕਸਦ ਭਾਰਤ-ਪਾਕਿਸਤਾਨ ਵਪਾਰ ਨੂੰ ਮੁੜ ਚਲਾਉਣ ਅਤੇ ਮਹਿੰਗਾਈ ਵਿਰੁੱਧ ਲੜਾਈ ਤਹਿਤ ਹੈ। ਇਸ ਮੌਕੇ ਪੰਜਾਬ ਪੁਲਿਸ ਵਲੋਂ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ। ਰੈਲੀ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ।

ਪਰਗਟ ਸਿੰਘ ਵੱਲੋਂ ਮਨੀਸ਼ ਸਿਸੋਦੀਆ ਦਾ ਚੈਲੇਂਜ ਕਬੂਲ
ਚੰਡੀਗੜ੍ਹ : ਸਿੱਖਿਆ ਦੇ ਮੁੱਦੇ ‘ਤੇ ਦਿੱਲੀ ਅਤੇ ਪੰਜਾਬ ਵਿਚਾਲੇ ਵਾਰ-ਪਲਟਵਾਰ ਜਾਰੀ ਹੈ। ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਮਨੀਸ਼ ਸਿਸੋਦੀਆ ਦੇ ਚੈਲੇਂਜ ਨੂੰ ਕਬੂਲ ਕਰਦਿਆਂ ਮਨੀਸ਼ ਸਿਸੋਦੀਆ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਪਰਗਟ ਸਿੰਘ ਨੇ ਸਿਸੋਦੀਆ ਅੱਗੇ ਸ਼ਰਤ ਰੱਖੀ ਹੈ ਕਿ ਅਸੀਂ ਇਸ ਗੱਲ ‘ਤੇ ਵੀ ਡਿਬੇਟ ਕਰਾਂਗੇ ਕਿ, ਕੀ 10 ਸਕੂਲਾਂ ‘ਤੇ ਕਰੋੜਾਂ ਰੁਪਏ ਖ਼ਰਚ ਕਰਨੇ ਜਾਇਜ਼ ਹਨ ਜਾਂ ਫ਼ਿਰ ਸੂਬੇ ਦੇ ਸਕੂਲਾਂ ਨੂੰ ਲੋੜ ਅਨੁਸਾਰ ਗ੍ਰਾਂਟ ਦੇ ਕੇ ਲੱਖਾਂ ਵਿਦਿਆਰਥੀਆਂ ਨੂੰ ਸਹੂਲਤਾਂ ਪ੍ਰਦਾਨ ਕਰਨੀਆਂ ਜਾਇਜ਼ ਹਨ।

ਮੁਲਾਜ਼ਮ ਜਥੇਬੰਦੀਆਂ ਵੱਲੋ ਰੰਧਾਵਾ ਦਾ ਵਿਰੋਧ
ਸ੍ਰੀ ਮੁਕਤਸਰ ਸਾਹਿਬ : ਅੱਜ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਦੋਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਸਨ, ਤਾਂ ਇਸ ਦੌਰਾਨ ਹੀ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਲੀਆਂ ਝੰਡੀਆਂ ਵਿਖਾਈਆਂ। ਜਿਸ ਮਗਰੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ੁਦ ਉਤਰ ਕੇ ਧਰਨਾਕਾਰੀਆਂ ਵਿਚ ਪਹੁੰਚ ਗਏ, ਪਰ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਿਹਾ।

ਸਕੂਲੀ ਲੜਕੀਆਂ ਨਾਲ ਭਰਿਆ ਆਟੋ ਨਹਿਰ ‘ਚ ਡਿੱਗਾ
ਗੁਰਦਸਪੂਰ : ਦੀਨਾਨਗਰ ਦੇ ਪਿੰਡ ਧਮਰਾਈ ਨੇੜੇ ਅੱਪਰਬਾਰੀ ਦੁਆਬ ਨਹਿਰ ‘ਤੇ ਖੜ੍ਹੇ ਇਕ ਆਟੋ ਨੂੰ ਬੇਕਾਬੂ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਲੀ ਲੜਕੀਆਂ ਨਾਲ ਭਰਿਆ ਆਟੋ ਨਹਿਰ ਵਿਚ ਡਿੱਗ ਗਿਆ। ਹਾਦਸੇ ਸਮੇਂ ਆਟੋ ਵਿਚ ਸੱਤ ਸਕੂਲੀ ਲੜਕੀਆਂ ਸਵਾਰ ਸਨ। ਹਾਦਸੇ ਬਾਰੇ ਪਤਾ ਚਲਦੇ ਹੀ ਮੌਕੇ ‘ਤੇ ਇਕੱਠੇ ਹੋਏ ਲੋਕਾਂ ਵੱਲੋਂ ਨਹਿਰ ਵਿਚ ਡਿੱਗੀਆਂ ਬੱਚੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟੀਵੀ ਪੰਜਾਬ ਬਿਊਰੋ