ਪੰਜਾਬ ਮਿਊਂਸਿਪਲ ਚੋਣਾਂ ਲਈ AAP ਅੱਜ ਬਣਾਏਗੀ ਰਣਨੀਤੀ, ਸੀਐਮ ਮਾਨ ਦੀ ਅਗਵਾਈ ‘ਚ ਹੋਵੇਗੀ ਮੀਟਿੰਗ

ਡੈਸਕ- ਅੱਜ ਆਮ ਆਦਮੀ ਪਾਰਟੀ ਪੰਜਾਬ ਵਿੱਚ 21 ਦਸੰਬਰ ਨੂੰ ਹੋਣ ਵਾਲੀਆਂ 5 ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਦੀਆਂ ਚੋਣਾਂ ਲਈ ਰਣਨੀਤੀ ਬਣਾਏਗੀ। ਚੋਣਾਂ ਨੂੰ ਲੈ ਕੇ ਪੰਜਾਬ AAP ਦੀ ਪਹਿਲੀ ਅਹਿਮ ਮੀਟਿੰਗ ਸੀਐੱਮ ਭਗਵੰਤ ਮਾਨ ਦੀ ਅਗਵਾਈ ‘ਚ ਹੋਣ ਜਾ ਰਹੀ ਹੈ। ਮੀਟਿੰਗ ਵਿੱਚ ਪਾਰਟੀ ਦੇ ਕੌਮੀ ਸਕੱਤਰ ਸੰਦੀਪ ਪਾਠਕ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੀਆਂ ਸਕਰੀਨਿੰਗ ਕਮੇਟੀਆਂ ਦੇ ਮੈਂਬਰਾਂ ਨੂੰ ਵੀ ਮੀਟਿੰਗ ਲਈ ਬੁਲਾਇਆ ਗਿਆ ਹੈ।

ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਜ਼ੋਰ-ਸ਼ੋਰ ਨਾਲ ਜੁਟੀਆਂ ਹੋਈਆਂ ਹਨ। ਭਾਜਪਾ ਵੱਲੋਂ ਚੋਣਾਂ ਲਈ ਇੰਚਾਰਜ ਤੇ ਹੋਰ ਕਮੇਟੀਆਂ ਪਹਿਲਾਂ ਹੀ ਬਣਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚ ਸਾਬਕਾ ਵਿਧਾਇਕਾਂ, ਮੰਤਰੀਆਂ ਅਤੇ ਸੀਨੀਅਰ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਕਾਂਗਰਸ ਨੇ ਪੰਜ ਨਗਰ ਨਿਗਮਾਂ ਅਤੇ ਸੂਬਾ ਪੱਧਰ ‘ਤੇ ਸਕਰੀਨਿੰਗ ਕਮੇਟੀਆਂ ਬਣਾਈਆਂ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਲਈ ਇੰਚਾਰਜ ਅਤੇ ਤਿੰਨ ਮੈਂਬਰਾਂ ਵਾਲੀ ਕਮੇਟੀਆਂ ਬਣਾਈਆਂ ਗਈਆਂ ਹਨ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਨਗਰ ਨਿਗਮਾਂ ਲਈ ਅਬਜ਼ਰਵਰ ਤਾਇਨਾਤ ਕੀਤੇ ਹਨ। ਇਸ ਵਿੱਚ ਦਿੱਗਜ ਆਗੂਆਂ ਨੂੰ ਕਮਾਨ ਸੌਂਪੀ ਗਈ ਹੈ। ਪਾਰਟੀ ਨੇ ਲੁਧਿਆਣਾ ਵਿੱਚ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।