ਜਲੰਧਰ : ਲੋਕਾਂ ਨੂੰ ਡੇਂਗੂ ਦੀ ਬਿਮਾਰੀ, ਇਸ ਦੇ ਲੱਛਣਾਂ ਅਤੇ ਆਪਣੇ ਇਲਾਕੇ ਨੂੰ ਡੇਂਗੂ ਮੁਕਤ ਰੱਖਣ ਲਈ ਅਪਣਾਏ ਜਾਣ ਵਾਲੇ ਉਪਾਵਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੂਰਮਹਿਲ ਕਸਬੇ ਵਿਚ ਡੇਂਗੂ ਖਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ।
ਸਿਹਤ ਵਿਭਾਗ ਦੀ ਟੀਮ ਦੇ ਨਾਲ ਵਿਦਿਆਰਥੀਆਂ ਵੱਲੋਂ ਕਸਬੇ ਦੇ ਜ਼ਿਆਦਾਤਰ ਖੇਤਰਾਂ ਨੂੰ ਕਵਰ ਕਰਦੇ ਹੋਏ ਲੋਕਾਂ ਨੂੰ ਬਿਮਾਰੀ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਵੱਲੋਂ ਲੋਕਾਂ ਵਿਚ ਡੇਂਗੂ ਬਾਰੇ ਪੈਂਫਲੈੱਟ ਵੀ ਵੰਡੇ ਗਏ ਅਤੇ ਉਨ੍ਹਾਂ ਨੂੰ ਆਪਣੇ ਘਰਾਂ, ਗਲੀਆਂ ਅਤੇ ਜਨਤਕ ਥਾਵਾਂ ‘ਤੇ ਪਾਣੀ ਜਮ੍ਹਾ ਨਾ ਹੋਣ ਦੇਣ ਲਈ ਪ੍ਰੇਰਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਲੋਕਾਂ ਨੂੰ ਮੱਛਰਾਂ ਦੇ ਪ੍ਰਜਨਨ ਸਥਾਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏਡੀਜ਼ ਇਜਿਪਟੀ ਮੱਛਰ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਖੜ੍ਹੇ ਪਾਣੀ ਤੋਂ ਇਲਾਵਾ ਫੁੱਲਦਾਨ, ਫਰਿੱਜ, ਕੂਲਰ, ਟਾਇਰ, ਪੰਛੀਆਂ ਦੇ ਫੀਡਰ ਅਤੇ ਬਰਤਨ ਆਦਿ ਆਮ ਸਥਾਨ ਹਨ, ਜਿਥੇ ਮੱਛਰ ਦਾ ਪ੍ਰਜਨਨ ਪਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਪ੍ਰਭਾਵਿਤ ਇਲਾਕਿਆਂ ਵਿਚ ਮੱਛਰਾਂ ਦੇ ਪ੍ਰਜਨਨ ਸਥਾਨਾਂ ਬਾਰੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਗਰ ਨਿਗਮ ਵੱਲੋਂ ਸਿਹਤ, ਸਿੱਖਿਆ, ਯੂਥ ਵੈੱਲਫੇਅਰ ਅਤੇ ਹੋਰ ਵਿਭਾਗਾਂ ਦੇ ਨਾਲ ਸਾਂਝੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਪੰਚਾਇਤ, ਸਿਹਤ ਵਿਭਾਗ, ਈ.ਓਜ਼, ਬੀ.ਡੀ.ਪੀ.ਓਜ਼ ਦੀਆਂ ਟੀਮਾਂ ਵੱਲੋਂ ਸਮੁੱਚੇ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਇਸ ਬਿਮਾਰੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਡੇਂਗੂ ਦੀ ਰੋਕਥਾਮ ਲਈ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਵਿਚ ਡੇਂਗੂ ਪ੍ਰਭਾਵਿਤ ਇਲਾਕਿਆਂ ਵਿਚ ਇਨਫੋਰਸਮੈਂਟ ਡਰਾਈਵ ਤੋਂ ਲੈ ਕੇ ਜਾਗਰੂਕਤਾ ਮੁਹਿੰਮ ਤੱਕ ਬਹੁਪੱਖੀ ਰਣਨੀਤੀ ਅਪਣਾਈ ਗਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਭਾਗੀਦਾਰਾਂ ਵਿਚ ਡੇਂਗੂ ਪ੍ਰਭਾਵਿਤ ਇਲਾਕਿਆਂ ਦੀ ਸੂਚੀ ਵੀ ਵੰਡੀ ਗਈ ਹੈ।
ਟੀਵੀ ਪੰਜਾਬ ਬਿਊਰੋ