ਅਕਾਲੀ ਬੋਲੇ ਭਾਜਪਾ ਨਾਲ ਹੋ ਸਕਦੈ ਗਠਜੋੜ , ਸਿਰਸਾ ਦਿੱਤਾ ਜਵਾਬ ‘ਭੁੱਲ ਜਾਵੇ ਅਕਾਲੀ ਦਲ’

ਜਲੰਧਰ- ਪੰਜਾਬ ਦੇ ਵਿੱਚ ਮੁੜ ਤੋਂ ਸਿਆਸੀ ਨੀਂਹ ਮਜ਼ਬੂਤ ਕਰਨ ਚ ਲੱਗੇ ਅਕਾਲੀ ਦਲ ਨੇ ਵੱਡਾ ਬਿਆਨ ਦਿੱਤਾ ਹੈ । ਅਕਾਲੀ ਦਲ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਹੈ ਕਿ ਜੇਕਰ ਭਵਿੱਖ ਚ ਉਨ੍ਹਾਂ ਦੀ ਪਾਰਟੀ ਕਿਸੇ ਨਾਲ ਗਠਜੋੜ ਕਰਦੀ ਹੈ ਤਾਂ ਸਿਰਫ ਭਾਰਤੀ ਜਨਤਾ ਪਾਰਟੀ ਨਾਲ ਹੀ ਇਹ ਸੰਭਵ ਹੈ ।ਕਾਂਗਰਸ ਜਾਂ ਆਮ ਆਦਮੀ ਪਾਰਟੀ ਨਾਲ ਅਜਿਹਾ ਜੋੜ ਅਸੰਭਵ ਹੈ ।ਮਲੂਕਾ ਮੁਤਾਬਿਕ ਫਿਲਹਾਲ ਗਠਜੋੜ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਚਲ ਰਹੀ ਹੈ ਪਰ ਅਕਾਲੀ ਦਲ ਦਾ ਰੁਝਾਨ ਕਿਸੇ ਹੋਰ ਪਾਰਟੀ ਵੱਲ ਨਹੀਂ ਹੈ।
ਅਕਾਲੀ ਦਲ ਦਾ ਇਹ ਬਿਆਨ ਅਤੇ ਇਹ ਰਣਨੀਤੀ ਜ਼ਿਆਦਾ ਦੇਰ ਤਕ ਕਾਇਮ ਨਹੀਂ ਰਹਿ ਸਕੀ ।ਲੰਮਾ ਸਮਾਂ ਅਕਾਲੀ ਦਲ ਚ ਰਹਿਣ ਤੋਂ ਬਾਅਦ ਭਾਜਪਾਈ ਬਣੇ ਮਨਜਿੰਦਰ ਸਿੰਘ ਸਿਰਸਾ ਨੇ ਅਕਾਲੀ ਦਲ ਦੀ ਇਹ ਖਵਾਹਸ਼ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ । ਸਿਰਸਾ ਮੁਤਾਬਿਕ ਅਕਾਲੀ ਦਲ ਸੱਤਾ ਦੀ ਲਾਲਚੀ ਹੈ । ਸਿਰਫ ਸੱਤਾ ਹਾਸਿਲ ਕਰਨ ਲਈ ਉਹ ਹੁਣ ਭਾਜਪਾ ਦਾ ਸਹਾਰਾ ਲੱਭ ਰਹੀ ਹੈ ।ਸਿਰਸਾ ਦਾ ਕਹਿਣਾ ਹੈ ਕਿ ਅਕਾਲੀ ਦਲ ਨਾਲ ਗਠਜੋੜ ਕਰਕੇ ਭਾਜਪਾ ਨੇ ਹਮੇਸ਼ਾ ਨੁਕਸਾਨ ਹੀ ਚੁੱਕਿਆ ਹੈ । ਪੰਜਾਬ ਦੇ ਵਿੱਚ ਹਿੰਦੂ-ਸਿੱਖ ਭਾਈਚਾਰੇ ਦੀ ਮਿਸਾਲ ਦੇਣ ਲਈ ਇਹ ਗਠਜੋੜ ਕੀਤਾ ਗਿਆ ਸੀ । ਪਰ ਅਕਾਲੀ ਦਲ ਦੀਆਂ ਹਰਕਤਾਂ ਨੇ ਸੂਬੇ ਨੂੰ ਨੁਕਸਾਨ ਹੀ ਪਹੁੰਚਾਇਆ ਹੈ ।