10 Most Wanted Criminals ਦੀ ਸੂਚੀ ’ਚ ਸ਼ਾਮਲ ਭਾਰਤੀ ਨੂੰ 20 ਸਾਲ ਬਾਅਦ ਕੈਨੇਡਾ ’ਚ ਲੱਗੀਆਂ ਹੱਥਕੜੀਆਂ, ਜਾਣੋ ਕੀ ਹੈ ਪੂਰਾ ਮਾਮਲਾ

Montreal – ਕਿਊਬਕ ਦੇ 10 ਲੋੜੀਂਦੇ ਅਪਰਾਧੀਆਂ ਦੀ ਸੂਚੀ ’ਚ ਸ਼ਾਮਲ ਭਾਰਤੀ ਮੂਲ ਦੇ ਪਾਰਥਸਾਰਥੀ ਕਪੂਰ ਨੂੰ ਕੈਨੇਡੀਅਨ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਪਾਰਥਸਾਰਥੀ ’ਤੇ ਇਹ ਦੋਸ਼ ਕਿ ਉਸ ਨੇ ਸਾਲ 1998 ਤੋਂ 2003 ਵਿਚਾਲੇ ਮਾਂਟਰੀਆਲ ਦੇ ਕੋਟੇ-ਡੇਸ-ਨੀਗੇਸ ਜ਼ਿਲ੍ਹੇ ’ਚ ਸਥਿਤ ਆਪਣੇ ਘਰ ’ਚ ਕਈ ਲੜਕਿਆਂ ਦਾ ਜਿਨਸੀ ਸ਼ੋਸਣ ਕੀਤਾ, ਜਿਨ੍ਹਾਂ ਦੀ ਉਮਰ ਉਸ ਵੇਲੇ 7 ਤੋਂ 14 ਵਿਚਾਲੇ ਸੀ।
ਇਸ ਸਬੰਧੀ ਮਾਂਟਰੀਆਲ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਸਾਲ 1998 ਤੋਂ 2003 ਵਿਚਾਲੇ ਪਾਰਥਸਾਰਥੀ ਨੇ ਆਪਣੇ ਘਰ ’ਚ ਕਈ ਲੜਕਿਆਂ ਦਾ ਜਿਨਸੀ ਸ਼ੋਸਣ ਕੀਤਾ। ਇਸ ਮਗਰੋਂ ਉਹ ਫ਼ਰਾਰ ਹੋ ਗਿਆ ਅਤੇ ਸੰਭਾਵੀ ਤੌਰ ’ਤੇ ਅਮਰੀਕਾ ਚਲਾ ਗਿਆ। ਜਨਵਰੀ, 2020 ’ਚ ਜਦੋਂ ਉਹ ਭਾਰਤ ਵਾਪਸ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਨੂੰ ਅਮਰੀਕੀ ਅਧਿਕਾਰੀਆਂ ਵਲੋਂ ਨੇਵਾਰਕ ਹਵਾਈ ਅੱਡੇ ਤੋਂ ਗਿ੍ਰਫ਼ਤਾਰ ਕਰ ਲਿਆ ਗਿਆ। ਇਸ ਮਗਰੋਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਅਮਰੀਕਾ ’ਚ ਕੀਤੇ ਜਿਨਸੀ ਅਪਰਾਧਾਂ ਲਈ ਉਸ ਨੂੰ 97 ਮਹੀਨਿਆਂ ਦੀ ਸਜ਼ਾ ਸੁਣਾਈ ਗਈ।
ਮਾਂਟਰੀਆਲ ਪੁਲਿਸ ਦਾ ਕਹਿਣਾ ਹੈ ਕਿ ਕੈਨੇਡੀਅਨ ਅਤੇ ਅਮਰੀਕੀ ਅਧਿਕਾਰੀਆਂ ਵਿਚਾਲੇ ਹੋਏ ਸਮਝੌਤੇ ਦੇ ਨਤੀਜੇ ਵਜੋਂ ਪਾਰਥਸਾਰਥੀ ਨੂੰ ਕੈਨੇਡਾ-ਅਮਰੀਕਾ ਸਰਹੱਦ ’ਤੇ ਲਿਆਂਦਾ ਗਿਆ, ਜਿੱਥੋਂ ਕਿ ਬੀਤੀ 4 ਅਗਸਤ ਉਸ ਨੂੰ ਅਧਿਕਾਰਕ ਤੌਰ ’ਤੇ ਗਿ੍ਰਫ਼ਤਾਰ ਕਰ ਲਿਆ ਗਿਆ। ਇਸ ਮਗਰੋਂ ਉਸ ਨੂੰ 5 ਅਗਸਤ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਜਿਨਸੀ ਸ਼ੋਸਣ ਸਣੇ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਮਾਂਟਰੀਆਲਾ ਪੁਲਿਸ ਦਾ ਕਹਿਣਾ ਕਿ ਅਗਲੀ ਪੇਸ਼ੀ ਤੱਕ ਉਹ ਪੁਲਿਸ ਹਿਰਾਸਤ ’ਚ ਹੀ ਰਹੇਗਾ।