ਆਈਸੀਸੀ ਟੂਰਨਾਮੈਂਟਾਂ ਵਿੱਚ ਟੀਮ ਇੰਡੀਆ ਦੀ ਲਗਾਤਾਰ ਹਾਰ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਹੁਣ ਵੱਡਾ ਕਦਮ ਚੁੱਕਣ ਦੇ ਮੂਡ ਵਿੱਚ ਹੈ। ਬੋਰਡ ਇਕ ਵਾਰ ਫਿਰ ਇਸ ਦੇ ਲਈ ਸਾਬਕਾ ਕਪਤਾਨ ਐੱਮਐੱਸ ਧੋਨੀ ਕੋਲ ਜਾਣ ਲਈ ਤਿਆਰ ਹੈ। ਟੀ-20 ਵਿਸ਼ਵ ਕੱਪ 2022 ‘ਚ ਇਕ ਵਾਰ ਫਿਰ ਨਿਰਾਸ਼ਾ ਤੋਂ ਬਾਅਦ ਬੀਸੀਸੀਆਈ ਧੋਨੀ ਨੂੰ ਵੱਡੇ ਅਹੁਦੇ ‘ਤੇ ਨਿਯੁਕਤ ਕਰਨ ‘ਤੇ ਵਿਚਾਰ ਕਰ ਰਿਹਾ ਹੈ।
ਦਿ ਟੈਲੀਗ੍ਰਾਫ ਨੇ ਬੀਸੀਸੀਆਈ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਬੀਸੀਸੀਆਈ ਹੁਣ ਭਾਰਤੀ ਕ੍ਰਿਕਟ ਵਿੱਚ ਸਥਾਈ ਭੂਮਿਕਾ ਲਈ ਧੋਨੀ ਨੂੰ ਬੁਲਾਉਣ ’ਤੇ ਵਿਚਾਰ ਕਰ ਰਿਹਾ ਹੈ। ਬੋਰਡ ਨੂੰ ਲੱਗਦਾ ਹੈ ਕਿ ਮੁੱਖ ਕੋਚ ਰਾਹੁਲ ਦ੍ਰਾਵਿੜ ‘ਤੇ ਤਿੰਨੋਂ ਫਾਰਮੈਟਾਂ ‘ਚ ਕੰਮ ਦਾ ਬੋਝ ਹੈ ਅਤੇ ਇਸ ਲਈ ਉਹ ਕੋਚਿੰਗ ਦੀ ਜ਼ਿੰਮੇਵਾਰੀ ਨੂੰ ਸਾਂਝਾ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਅਜਿਹੇ ‘ਚ ਬੋਰਡ ਹੁਣ ਧੋਨੀ ਨੂੰ ਟੀ-20 ਫਾਰਮੈਟ ‘ਚ ਸ਼ਾਮਲ ਕਰਨ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।
ਇਸ ਮਹੀਨੇ ਦੇ ਅੰਤ ਵਿੱਚ ਹੋਣ ਵਾਲੀ ਸਿਖਰ ਕੌਂਸਲ ਦੀ ਮੀਟਿੰਗ ਵਿੱਚ ਇਸ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ। 2019 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ, ਧੋਨੀ ਨੇ ਪਿਛਲੇ ਸਾਲ UAE ਵਿੱਚ ਹੋਏ T20 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਨਾਲ ਕੰਮ ਕੀਤਾ ਸੀ। ਪਰ ਟੀਮ ਟੂਰਨਾਮੈਂਟ ਦੇ ਨਾਕਆਊਟ ਪੜਾਅ ਤੱਕ ਵੀ ਨਹੀਂ ਪਹੁੰਚ ਸਕੀ।
ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਧੋਨੀ ਦੇ ਅਗਲੇ ਸਾਲ ਹੋਣ ਵਾਲੇ ਆਈਪੀਐੱਲ ਤੋਂ ਸੰਨਿਆਸ ਲੈਣ ਦੀ ਉਮੀਦ ਹੈ ਅਤੇ ਬੀਸੀਸੀਆਈ ਉਸ ਦੇ ਤਜ਼ਰਬੇ ਅਤੇ ਤਕਨੀਕੀ ਹੁਨਰ ਦੀ ਸਹੀ ਵਰਤੋਂ ਕਰਨ ਲਈ ਉਤਸੁਕ ਹੈ। ਖਬਰਾਂ ਮੁਤਾਬਕ ਧੋਨੀ ਨੂੰ ‘ਕ੍ਰਿਕਟ ਦਾ ਨਿਰਦੇਸ਼ਕ’ ਨਿਯੁਕਤ ਕੀਤਾ ਜਾ ਸਕਦਾ ਹੈ।