ਡੈਸਕ- ਕਾਂਗਰਸ ਆਪਣੀ ਅਗਲੀ ਸੂਚੀ ਵਿੱਚ ਪੰਜਾਬ ਦੇ 7 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਲਈ ਤਿਆਰ ਹੈ। ਬੀਤੀ ਸ਼ਾਮ ਦਿੱਲੀ ਵਿੱਚ ਹੋਈ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਿੱਚ ਤਿੰਨ ਮੌਜੂਦਾ ਸੰਸਦ ਮੈਂਬਰਾਂ ਦੀਆਂ ਟਿਕਟਾਂ ਨੂੰ ਦੁਹਰਾਉਣ ਦਾ ਫੈਸਲਾ ਲਿਆ ਗਿਆ ਹੈ। ਜਦੋਂ ਕਿ ਸੰਸਦ ਮੈਂਬਰ ਦੀ ਸੀਟ ਬਦਲਣ ਲਈ ਹਾਈਕਮਾਂਡ ਵੱਲੋਂ ਹਾਂ ਦੀ ਉਡੀਕ ਕੀਤੀ ਜਾ ਰਹੀ ਹੈ। ਜਦਕਿ ਪਟਿਆਲਾ, ਸੰਗਰੂਰ ਅਤੇ ਜਲੰਧਰ ਦੀਆਂ ਸੀਟਾਂ ‘ਤੇ ਸਮਝੌਤਾ ਹੋ ਗਿਆ ਹੈ।
ਇਸ ਕਮੇਟੀ ਵਿੱਚ ਸੀਨੀਅਰ ਆਗੂ ਭਗਤ ਚਰਨ ਦਾਸ, ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਸਮੇਤ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸ਼ਾਮਿਲ ਸਨ। ਪਟਿਆਲਾ ਤੋਂ ਡਾ: ਧਰਮਵੀਰ ਗਾਂਧੀ ਦੇ ਨਾਂਅ ‘ਤੇ ਪੂਰੀ ਸਹਿਮਤੀ ਬਣ ਗਈ ਹੈ। ਪਰ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਲਾਲ ਸਿੰਘ ਅਤੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਉਹਨਾਂ ਦਾ ਵਿਰੋਧ ਕਰ ਰਹੇ ਹਨ।
ਕਾਂਗਰਸ ਇਸੇ ਤਰ੍ਹਾਂ ਲੁਧਿਆਣਾ ਸੀਟ ‘ਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਹੁਣ ਭਾਰਤ ਭੂਸ਼ਣ ਆਸ਼ੂ ‘ਤੇ ਦਾਅ ਖੇਡਿਆ ਜਾ ਸਕਦਾ ਹੈ। ਪਰ ਕਾਂਗਰਸ ਪਹਿਲਾਂ ਇੱਥੋਂ ਆਪ ਉਮੀਦਵਾਰ ਦੇ ਨਾਂ ਦਾ ਐਲਾਨ ਹੋਣ ਦਾ ਇੰਤਜ਼ਾਰ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਗੁਰਦਾਸਪੁਰ ਵਿੱਚ ਵੀ ਕਾਂਗਰਸ ਫਸੀ ਹੋਈ ਹੈ। ਇੱਕ ਪਾਸੇ ਵਿਧਾਇਕ ਬਰਮਿੰਦਰਮੀਤ ਸਿੰਘ ਪਾਹੜਾ ਅਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਇਸ ਸੀਟ ਨੂੰ ਲੈਕੇ ਮੁਕਾਬਲਾ ਚੱਲ ਰਿਹਾ ਹੈ।
ਪਟਿਆਲਾ ਅਤੇ ਲੁਧਿਆਣਾ ਦੇ ਸੰਸਦ ਮੈਂਬਰਾਂ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਦੇ ਇਸ ਸਮੇਂ ਪੰਜਾਬ ਵਿੱਚ 5 ਸਾਂਸਦ ਹਨ। ਇਨ੍ਹਾਂ ਵਿੱਚੋਂ ਇੱਕ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ, ਖਡੂਰ ਸਾਹਿਬ ਤੋਂ ਜਸਬੀਰ ਡਿੰਪਾ, ਫਰੀਦਕੋਟ ਤੋਂ ਮੁਹੰਮਦ ਸਦੀਕ, ਫਤਹਿਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਅਤੇ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਸ਼ਾਮਲ ਹਨ। ਕਾਂਗਰਸ ਸੂਤਰਾਂ ਅਨੁਸਾਰ 3 ਟਿਕਟਾਂ ‘ਤੇ ਸਹਿਮਤੀ ਬਣ ਗਈ ਹੈ। ਜਦਕਿ ਕਿਸੇ ਇੱਕ ਸਾਂਸਦ ਦੀ ਟਿਕਟ ਕੱਟ ਸਕਦੀ ਹੈ। ਇਸ ਦੇ ਨਾਲ ਹੀ ਇੱਕ ਸਾਂਸਦ ਦੀ ਸੀਟ ਵਿਚ ਤਬਦੀਲੀ ਹੋ ਸਕਦੀ ਹੈ। ਜਿਸ ਤੇ ਅਜੇ ਹਾਈਕਮਾਨ ਦੀ ਸਹਿਮਤੀ ਮਿਲਣੀ ਬਾਕੀ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਿਛਲੇ ਕੁਝ ਸਮੇਂ ਤੋਂ ਜਲੰਧਰ ਸੀਟ ‘ਤੇ ਸਰਗਰਮ ਹਨ। ਉਹ ਉੱਥੇ ਲਗਾਤਾਰ ਧਾਰਮਿਕ ਪ੍ਰੋਗਰਾਮਾਂ ਵਿੱਚ ਹਾਜ਼ਰੀ ਭਰ ਰਹੇ ਹਨ ਜਿਸ ਕਾਰਨ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਪਰਿਵਾਰ ਨਾਰਾਜ਼ ਹੈ। ਇਸ ਵਿਵਾਦ ਦਰਮਿਆਨ ਵੀ ਕਾਂਗਰਸ ਨੇ ਇਸ ਸੀਟ ‘ਤੇ ਫੈਸਲਾ ਲਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸੂਚੀ ਵਿੱਚ ਇੱਥੋਂ ਉਮੀਦਵਾਰ ਦਾ ਨਾਂ ਐਲਾਨਿਆ ਜਾ ਸਕਦਾ ਹੈ।