Edmonton- ਐਲਬਰਟਾ ਦੇ ਪ੍ਰੀਮੀਅਰ ਵਲੋਂ ਇਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰ ਬਾਰੇ ਮੰਤਰੀ ਮੁਹੰਦਮ ਯਾਸੀਨ ਨੂੰ ਨਵੇਂ ਪ੍ਰਵਾਸੀਆਂ ਦੀ ਗਿਣਤੀ ਵਧਾਉਣ ਅਤੇ ਨਸਲਵਾਦ-ਵਿਰੋਧੀ ਪ੍ਰੋਗਰਾਮਾਂ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਹੈ। ਬੀਤੇ ਕੱਲ੍ਹ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਯਾਸੀਨ ਨੂੰ ਇਸ ਸੰਬੰਧੀ ਇੱਕ ਆਦੇਸ਼ ਪੱਤਰ ਜਾਰੀ ਕੀਤਾ। ਇਮੀਗ੍ਰੇਸ਼ਨ ਮੰਤਰੀ ਮੁਹੰਦਮ ਯਾਸੀਨ ਨੂੰ ਹੈਲਥ ਕੇਅਰ ਵਰਕਰਾਂ ਦੀ ਇਮੀਗ੍ਰੇਸ਼ਨ ਨੂੰ ਸੁਚਾਰੂ ਬਣਾਕੇ ਉਨ੍ਹਾਂ ਨੂੰ, ਡਾਕਟਰਾਂ ਅਤੇ ਨਰਸਾਂ ਦੀ ਘਾਟ ਨਾਲ ਜੂਝ ਰਹੇ ਪੇਂਡੂ ਇਲਾਕਿਆਂ ’ਚ ਆਕਰਸ਼ਤ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਨ੍ਹਾਂ ਤੋਂ ਬਿਨਾਂ ਉਹ ਐਲਬਰਟਾ ਨੂੰ ਹਰ ਸਾਲ ਮਿਲਣ ਵਾਲੇ ਪ੍ਰੋਵਿੰਸ਼ੀਅਲ ਨੌਮਿਨੀ ਵਿਅਕਤੀਆਂ ਦੀ ਗਿਣਤੀ ਵਧਾਉਣ ਲਈ ਫ਼ੈਡਰਲ ਸਰਕਾਰ ਨਾਲ ਵੀ ਤਾਲਮੇਲ ਬਿਠਾਉਣਗੇ। ਇਸ ਬਾਰੇ ’ਚ ਗੱਲਬਾਤ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਯਾਸੀਨ ਨੇ ਕਿਹਾ ਕਿ ਉਹ ਲੋੜੀਂਦੇ ਪੇਸ਼ਿਆਂ ਨੂੰ ਆਪਣਾ ਨਿਸ਼ਾਨਾ ਬਣਾਉਣਗੇ ਜਿਵੇਂ ਕਿ ਡਾਕਟਰ, ਰਜਿਸਟਰਡ ਨਰਸਾਂ, ਨਰਸ ਪ੍ਰੈਕਟੀਸ਼ਨਰ, ਫਿਜ਼ੀਓਥੈਰੇਪਿਸਟ, ਆਕੂਪੇਸ਼ਨਲ ਥੈਰੇਪਿਸਟ, ਮਨੋਵਿਗਿਆਨੀ ਅਤੇ ਕਲੀਨਿਕਲ ਸੋਸ਼ਲ ਵਰਕਰ।
ਦੱਸ ਦਈਏ ਕਿ ਇਮੀਗ੍ਰੇਸ਼ਨ ਮੁੱਖ ਤੌਰ ‘ਤੇ ਇੱਕ ਫ਼ੈਡਰਲ ਅਧਿਕਾਰ ਖੇਤਰ ਹੈ ਪਰ ਇਸ ’ਚ ਸੂਬਾ ਸਰਕਾਰ ਦੇ ਵੀ ਕੁਝ ਇਖ਼ਤਿਆਰ ਹਨ। ਸੂਬਾ, ਕੁਝ ਖ਼ਾਸ ਯੋਗਤਾਵਾਂ ਦੇ ਅਧਾਰ, ‘ਤੇ ਉਨ੍ਹਾਂ ਲੋਕਾਂ ਨੂੰ ਬੁਲਾਉਣ ਦੀ ਚੋਣ ਕਰ ਸਕਦਾ ਹੈ, ਜਿਨ੍ਹਾਂ ਨੇ ਕੈਨੇਡਾ ਆਉਣ ਲਈ ਐਕਸਪ੍ਰੈਸ ਐਂਟਰੀ ਤਹਿਤ ਅਰਜ਼ੀ ਦਿੱਤੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਸਾਲ 2022 ’ਚ ਐਲਬਰਟਾ ਨੂੰ 6,500 ਫਾਸਟ ਟਰੈਕ ਨੌਮਿਨੀ ਪ੍ਰਾਪਤ ਹੋਏ। ਇਸ ਸਾਲ ਇਹ ਗਿਮਤੀ ਵੱਧ ਕੇ 9,750 ਹੋ ਗਈ ਹੈ।
ਯਾਸੀਨ ਨੂੰ ਮਿਲੇ ਆਦੇਸ਼ ਪੱਤਰ ਦਾ ਦੂਸਰਾ ਹਿੱਸਾ ਨਸਲਵਾਦ-ਵਿਰੋਧੀ ਕਾਨੂੰਨ ‘ਤੇ ਧਿਆਨ ਕੇਂਦਰਿਤ ਕਰਨ ਬਾਰੇ ਹੈ। ਉਨ੍ਹਾਂ ਨੂੰ ਨਸਲਵਾਦ ਵਿਰੋਧੀ ਇੱਕ ਕਾਨੂੰਨ ਤਿਆਰ ਕਰਨ ਅਤੇ ਪਾਸ ਕਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਐਲਬਰਟਾ ’ਚ ਪਹਿਲਾਂ ਹੀ ਨਸਲਵਾਦ ਵਿਰੋਧੀ ਇੱਕ ਸਲਾਹਕਾਰ ਕੌਂਸਲ ਹੈ, ਜਿਸ ਨੇ ਸਾਲ 2021 ’ਚ ਸਰਕਾਰ ਨੂੰ ਕੁਝ ਸਿਫ਼ਾਰਸ਼ਾਂ ਕੀਤੀਆਂ ਸਨ ਅਤੇ ਪਿਛਲੀਆਂ ਗਰਮੀਆਂ ਦੌਰਾਨ ’ਚ ਐਕਸ਼ਨ ਪਲਾਨ ਵੀ ਜਾਰੀ ਕੀਤਾ ਗਿਆ ਸੀ ਪਰ ਪਲਾਨ ’ਚ ਕੁਝ ਸਿਫ਼ਾਰਸ਼ਾਂ ਸ਼ਾਮਲ ਨਾ ਹੋਣ ‘ਤੇ ਉਸ ਦੀ ਆਲੋਚਨਾ ਵੀ ਹੋਈ ਸੀ। ਯਾਸੀਨ ਨੇ ਦੱਸਿਆ ਕਿ ਅਜੇ ਇਸ ਕਾਨੂੰਨ ਦੇ ਸੰਬੰਧ ’ਚ ਸਮਾਂ ਸੀਮਾ ਜਾਂ ਕੋਈ ਵੇਰਵੇ ਨਹੀਂ ਹਨ।
ਐਲਬਰਟਾ ਦੇ ਪ੍ਰੀਮੀਅਰ ਨੇ ਇਮੀਗ੍ਰੇਸ਼ਨ ਮੰਤਰੀ ਨੂੰ ਦਿੱਤੀ ਹੋਰ ਪ੍ਰਵਾਸੀ ਸੱਦਣ ਦੀ ਜ਼ਿੰਮੇਵਾਰੀ
