ਚੰਡੀਗੜ੍ਹ : ਆਪਣੇ ਹੀ ਕੌਮੀ ਪ੍ਰਧਾਨ ਦੀ ਵਾਅਦਾ ਖ਼ਿਲਾਫ਼ੀ ਤੋਂ ਨਾਰਾਜ਼ ਹੋਈ ਆਲ ਇੰਡੀਆ ਜੱਟ ਮਹਾਂ ਸਭਾ ਵਲੋਂ ਪੰਜਾਬ ‘ਚ ਅੰਦੋਲਨ ਵਿੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਪੰਜਾਬ ਇਕਾਈ ਦੇ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਨੇ ਪੰਜਾਬ ਦੇ ਗਰੀਬੀ ਰੇਖਾ ਤੋਂ ਹੇਠਾਂ ਆਉਂਦੇ ਜੱਟ ਭਾਈਚਾਰੇ ਨੂੰ ਓ.ਬੀ.ਸੀ. ‘ਚ ਸ਼ਾਮਿਲ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਅਗਰ ਸਰਕਾਰ ਨੇ ਸਾਡੀ ਇਹ ਮੰਗ ਪੂਰੀ ਨਾ ਕੀਤੀ ਤਾਂ ਜਲਦ ਵੱਡੇ ਪੱਧਰ ‘ਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜਿਸ ਵਿਚ ਗੁਆਂਢੀ ਸੂਬਿਆਂ ਦੇ ਜਾਟ ਆਗੂ ਤੇ ਭਾਈਚਾਰੇ ਦੇ ਲੋਕ ਵੀ ਸ਼ਾਮਿਲ ਹੋਣਗੇ।
ਹਰਪੁਰਾ ਨੇ ਕਿਹਾ ਕਿ ਓ.ਬੀ.ਸੀ. ਦਾ ਕੋਟਾ 27 ਫੀਸਦੀ ਹੈ ਤੇ ਜੱਟ ਮਹਾਂ ਸਭਾ ਵਲੋਂ ਹਰਿਆਣਾ ਤੇ ਰਾਜਸਥਾਨ ਸਮੇਤ 9 ਰਾਜਾਂ ‘ਚ ਜੱਟ ਤੇ ਗਰੀਬ ਕਿਸਾਨਾਂ ਨੂੰ ਓ.ਬੀ.ਸੀ. ‘ਚ ਸ਼ਾਮਿਲ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਛੇ ਸਾਲ ਪਹਿਲਾਂ ਆਲ ਇੰਡੀਆ ਜੱਟ ਮਹਾਂ ਸਭਾ ਦਾ ਕੌਮੀ ਪ੍ਰਧਾਨ ਬਣਨ ਸਮੇਂ ਇਹ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਗਰੀਬੀ ਰੇਖਾ ਹੇਠ ਆਉਂਦੇ ਜੱਟ ਤੇ ਕਿਸਾਨਾਂ ਨੂੰ ਓ.ਬੀ.ਸੀ. ‘ਚ ਸ਼ਾਮਿਲ ਕਰਕੇ ਬਣਦੀਆਂ ਸਹੂਲਤਾਂ ਦੇਣਗੇ, ਪਰ ਇਹ ਵਾਅਦਾ ਝੂਠਾ ਸਾਬਤ ਹੋਇਆ ਹੈ।
ਟੀਵੀ ਪੰਜਾਬ ਬਿਊਰੋ