Kelowna- ਬ੍ਰਿਟਿਸ਼ ਕੋਲੰਬੀਆ ਦੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਹਾਲ ਦੇ ਦਿਨਾਂ ’ਚ ਕੇਲੋਨਾ ਖੇਤਰ ’ਚ ਫੈਲੀ ਅੱਗ ਕਾਰਨ ਘੱਟੋ-ਘੱਟ 60 ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਸੂਬੇ ਦੇ ਪ੍ਰੀਮੀਅਰ ਅਤੇ ਦੋ ਸੀਨੀਅਰ ਕੈਬਨਿਟ ਮੰਤਰੀਆਂ ਵਲੋਂ ਇੱਥੋਂ ਦਾ ਦੌਰਾ ਕਰਕੇ ਨੁਕਸਾਨ ਦਾ ਸਰਵੇਖਣ ਕਰਨ ਦਾ ਐਲਾਨ ਕੀਤਾ ਗਿਆ ਹੈ।
ਪੱਛਮੀ ਕੇਲੋਨਾ, ਕੇਲੋਨਾ ਅਤੇ ਲੇਕ ਕੰਟਰੀ ਦੇ ਅੱਗ ਬੁਝਾਊ ਮੁਖੀਆਂ ਨੇ ਕਿਹਾ ਕਿ ਪੱਛਮੀ ਕੇਲੋਨਾ ’ਚ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਇੱਥੇ 50 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜਾ ਅਜੇ ਹੋਰ ਵਧਣ ਦੀ ਉਮੀਦ ਹੈ। ਇਸ ਨੁਕਸਾਨ ਬਾਰੇ ਜਾਣਕਾਰੀ ਮਿਲਣ ਮਗਰੋ ਪ੍ਰੀਮੀਅਰ ਡੇਵਿਡ ਏਬੀ ਨੇ ਐਲਾਨ ਕੀਤਾ ਕਿ ਉਹ ਮੰਗਲਵਾਰ ਨੂੰ ਐਮਰਜੈਂਸੀ ਪ੍ਰਬੰਧਨ ਮੰਤਰੀ ਬੋਵਿਨ ਮਾ ਅਤੇ ਜੰਗਲਾਤ ਮੰਤਰੀ ਬਰੂਸ ਰਾਲਸਟਨ ਦੇ ਨਾਲ ਅੱਗ ਕਾਰਨ ਪ੍ਰਭਾਵਿਤ ਖੇਤਰ ਦਾ ਦੌਰਾ ਕਰਨਗੇ।
ਬ੍ਰਿਟਿਸ਼ ਕੋਲੰਬੀਆ ’ਚ ਸੈਂਕੜੇ ਇਲਾਕਿਆਂ ’ਚ ਜੰਗਲਾਂ ਦੀ ਅੱਗ ਵਿਰੁੱਧ ਲੜਾਈ ਅਜੇ ਵੀ ਜਾਰੀ ਹੈ ਪਰ ਨਿਕਾਸੀ ਦੇ ਨਵੇਂ ਹੁਕਮ ਅਜੇ ਜਾਰੀ ਨਹੀੇਂ ਕੀਤੇ ਗਏ ਹਨ।
ਇਸ ਸੰਬੰਧ ’ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦਿਆਂ ਪ੍ਰੀਮੀਅਰ ਏਬੀ ਨੇ ਕਿਹਾ, ‘‘ਸਾਡਾ ਟੀਚਾ ਲੋਕਾਂ ਨੂੰ ਭਰੋਸਾ ਦਿਵਾਉਣਾ ਹੈ ਕਿ ਜਦੋਂ ਸੰਕਟ ਲੰਘਦਾ ਹੈ ਤਾਂ ਅਸੀਂ ਉਨ੍ਹਾਂ ਦੇ ਮੁੜ ਵਸੇਬੇ ’ਚ ਮਦਦ ਕਰਦੇ ਹਾਂ।’’ ਉਨ੍ਹਾਂ ਅੱਗੇ ਕਿਹਾ ਕਿ ਸੰਕਟ ਦੀ ਇਸ ਘੜੀ ਸਰਕਾਰ ਜਿੰਨਾ ਹੋ ਸਕੇ ਲੋਕਾਂ ਦੀ ਮਦਦ ਲਈ ਜਵਾਬਦੇਹ ਹੈ। ਇਸ ਦੌਰਾਨ ਉਨ੍ਹਾਂ ਨੇ ਜੰਗਲਾਂ ਦੇ ਉਪਕਰਣਾਂ ਨਾਲ ਨਾਗਰਿਕਾਂ ਵਲੋਂ ਕੀਤੀ ਜਾਂਦੀ ਛੇੜਛਾੜ ਅਤੇ ਮੈਟਾ ਵਲੋਂ ਕੈਨੇਡਾ ’ਚ ਨਿਊਜ਼ ’ਤੇ ਲਾਈ ਪਾਬੰਦੀ ਦਾ ਵੀ ਜ਼ਿਕਰ ਕੀਤਾ।
ਦੱਸ ਦਈਏ ਕਿ ਵਰਤਮਾਨ ’ਚ ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਅੰਦਰੂਨੀ ਭਾਗ ’ਚ ਕਈ ਇਲਾਕਿਆਂ ਦੇ ਕਈ ਜੰਗਲਾਂ ’ਚ ਅੱਗ ਲੱਗੀ ਹੋਈ ਹੈ। ਇਨ੍ਹਾਂ ’ਚ ਪੱਛਮੀ ਕੇਲੋਨਾ, ਕੇਲੋਨਾ ਅਤੇ ਲੇਕ ਕੰਟਰੀ ਨੂੰ ਪ੍ਰਭਾਵਿਤ ਕਰਨ ਵਾਲੀ ਮੈਕਡਾਗਲ ਕ੍ਰੀਕ ਜੰਗਲ ਦੀ ਅੱਗ, ਸੁਸ਼ਵੈਪ ਝੀਲ ਦੇ ਲੋਅਰ ਈਸਟ ਐਡਮਜ਼ ਝੀਲ ਦੀ ਅੱਗ ਅਤੇ ਫਰੇਜ਼ਰ ਕੈਨੀਅਨ ਦੇ ਲਿਟਨ ਬੋਸਟਨ ਬਾਰ ਇਲਾਕੇ ’ਚ ਕੂਕਿਪੀ ਦੀ ਅੱਗ ਸ਼ਾਮਿਲ ਹਨ। ਅੱਗ ਕਾਰਨ ਬੀ. ਸੀ. ’ਚ 27,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ, ਜਦਕਿ 35,000 ਤੋਂ ਵੱਧ ਲੋਕਾਂ ਨੂੰ ਨਿਕਾਸੀ ਦੇ ਅਲਰਟ ’ਤੇ ਰੱਖਿਆ ਗਿਆ ਹੈ। ਅੱਗ ਦੇ ਚੱਲਦਿਆਂ ਹੀ ਪਿਛਲੇ ਹਫ਼ਤੇ ਸੂਬੇ ’ਚ ਸੰਕਟਕਾਲ ਦੀ ਸਥਿਤੀ ਦਾ ਐਲਾਨ ਕੀਤਾ ਗਿਆ ਸੀ ਅਤੇ ਪ੍ਰਸ਼ਾਸਨ ਵਲੋਂ ਅੱਗ ਪ੍ਰਭਾਵਿਤ ਇਲਾਕਿਆਂ ’ਚ ਯਾਤਰਾ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ।