ਡੈਸਕ- ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਚੰਗੀ ਖ਼ਬਰ ਹੈ। ਅਮਰੀਕੀ ਦੂਤਘਰ ਨੇ ਐਲਾਨ ਕੀਤਾ ਹੈ ਕਿ ਭਾਰਤ ਵਿਚ ਸੈਲਾਨੀਆਂ, ਮਾਹਰ ਕਾਮਿਆਂ ਤੇ ਵਿਦਿਆਰਥੀਆਂ ਸਣੇ ਭਾਰਤੀ ਯਾਤਰੀਆਂ ਲਈ ਵਾਧੂ ਢਾਈ ਲੱਖ ਵੀਜ਼ਾ ਅਪਵਾਇੰਟਮੈਂਟਾਂ ਖੋਲ੍ਹੀਆਂ ਗਈਆਂ ਹਨ। ਭਾਰਤ ਵਿਚ ਅਮਰੀਕੀ ਮਿਸ਼ਨ ਨੇ ਕਿਹਾ ਕਿ ਹਾਲ ਹੀ ਵਿਚ ਜਾਰੀ ਨਵੇਂ ਸਲਾਟ ਨਾਲ ਲੱਖਾਂ ਭਾਰਤੀ ਬਿਨੈਕਾਰਾਂ ਨੂੰ ਸਮੇਂ ’ਤੇ ਇੰਟਰਵਿਊ ਵਿਚ ਮਦਦ ਮਿਲੇਗੀ, ਜਿਸ ਨਾਲ ਯਾਤਰਾ ਵਿਚ ਉਨ੍ਹਾਂ ਨੂੰ ਸੌਖ ਹੋਵੇਗੀ।
ਭਾਰਤ ਵਿਚਲੇ ਅਮਰੀਕੀ ਦੂਤਾਵਾਸ ਨੇ ਦੱਸਿਆ ਕਿ ਸੰਯੁਕਤ ਰਾਜ ਨੇ ਭਾਰਤੀ ਸੈਲਾਨੀਆਂ, ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਲਈ ਵਾਧੂ 2,50,000 ਵੀਜ਼ਾ ਸਲਾਟ (ਵੀਜ਼ਾ ਲੈਣ ਲਈ ਦਰਖਾਸਤ ਕਰਨ ਦੀ ਪ੍ਰਕਿਰਿਆ) ਖੋਲ੍ਹ ਦਿੱਤੇ ਹਨ। ਅਮਰੀਕੀ ਦੂਤਾਵਾਸ ਨੇ ਕਿਹਾ ਕਿ ਨਵੇਂ ਸਲਾਟ ਭਾਰਤੀ ਬਿਨੈਕਾਰਾਂ ਨੂੰ ਸਮੇਂ ਸਿਰ ਇੰਟਰਵਿਊ ਦੇਣ ਤੇ ਉਨ੍ਹਾਂ ਵੱਲੋਂ ਅਮਰੀਕਾ ਦੀ ਯਾਤਰਾ ਕਰਨ ਦੀ ਸਹੂਲਤ ਪ੍ਰਦਾਨ ਕਰਨਗੇ।
ਦੱਸਣਾ ਬਣਦਾ ਹੈ ਕਿ ਭਾਰਤ ਵਾਸੀਆਂ ਨੂੰ ਕਈ ਕਈ ਮਹੀਨੇ ਤੇ ਸਾਲ ਤੋਂ ਉਪਰ ਅਮਰੀਕਾ ਦੀ ਇੰਟਰਵਿਊ ਦੇਣ ਲਈ ਇੰਤਜ਼ਾਰ ਕਰਨਾ ਪੈਂਦਾ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਵੀਜ਼ਾ ਮਿਲਣ ਜਾਂ ਨਾ ਮਿਲਣ ਦਾ ਫੈਸਲਾ ਹੁੰਦਾ ਸੀ, ਪਰ ਅਮਰੀਕਾ ਦੇ ਇਸ ਕਦਮ ਨਾਲ ਵੱਡੀ ਗਿਣਤੀ ਭਾਰਤੀਆਂ ਨੂੰ ਫਾਇਦਾ ਹੋਵੇਗਾ।
ਦੂਤਾਵਾਸ ਦੇ ਰਿਕਾਰਡ ਅਨੁਸਾਰ ਇਸ ਸਾਲ ਵਿਚ ਹੁਣ ਤੱਕ 12 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦੀ ਯਾਤਰਾ ਕੀਤੀ ਹੈ ਜੋ ਕਿ 2023 ਦੀ ਇਸ ਮਿਆਦ ਦੇ ਮੁਕਾਬਲੇ 35 ਫੀਸਦੀ ਵੱਧ ਹੈ। ਇਹ ਵੀ ਦੱਸਦਾ ਬਣਦਾ ਹੈ ਕਿ ਘੱਟੋ-ਘੱਟ 60 ਲੱਖ ਭਾਰਤੀਆਂ ਕੋਲ ਪਹਿਲਾਂ ਹੀ ਅਮਰੀਕਾ ਜਾਣ ਦਾ ਵੀਜ਼ਾ ਹੈ।