ਅੰਮ੍ਰਿਤਸਰ- ਅੰਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਨੇ ਹੁਣ ਤੱਕ ਦੀ ਸੱਭ ਤੋਂ ਵੱਡੀ ਕਾਰਵਾਈ ਕੀਤੀ ਹੈ । ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਤੋਂ ਬਾਅਦ ਇਹ ਕਾਰਵਾਈ ਕੀਤੀ ਜਾ ਰਹੀ ਹੈ ।ਪੁਲਿਸ ਨੇ ਅੰਮ੍ਰਿਤਪਾਲ ਨੂੰ ਘੇਰਾ ਪਾ ਕੇ ਕਈ ਜਿਲਿ੍ਹਆਂ ਦਾ ਇਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ । ਸੂਤਰਾਂ ਦੇ ਮੁਤਾਬਕ ਅੰਮ੍ਰਿਤਪਾਲ ਦੇ 6 ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ । ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਸਕਦੀ ਹੈ । ਅਜਨਾਲਾ ਥਾਣਾ ਹਿੰਸਾ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਮਾਮਲਾ ਵੀ ਦਰਜ਼ ਕੀਤਾ ਗਿਆ ਸੀ। ਦੱਸ ਦਈਏ ਕਿ ਅੱਜ ਬਠਿੰਡਾ ਦੇ ਰਾਮਪੁਰਾ ਫੂਲ ਵਿੱਚ ਅੰਮ੍ਰਿਤਪਾਲ ਸਿੰਘ ਦਾ ਪ੍ਰੋਗਰਾਮ ਸੀ। ਅੰਮ੍ਰਿਤ ਸੰਚਾਰ ਪ੍ਰੋਗਰਾਮ ਵਿੱਚ ਅੰਮ੍ਰਿਤਪਾਲ ਸਿੰਘ ਨਹੀਂ ਪਹੁੰਚਿਆ। ਰਾਮਪੁਰਾ ਫੂਲ ਦੇ ਮਮਦੋਟ ਵਿਖੇ ਅੰਮ੍ਰਿਤ ਸੰਚਾਰ ਪ੍ਰੋਗਰਾਮ ਹੋਣ ਵਾਲਾ ਸੀ ।
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਕਈ ਵੱਡੇ ਗੁਰਦੁਆਰਾ ਸਾਹਿਬਾਨ ‘ਚ ਅੰਮ੍ਰਿਤਪਾਲ ਦੇ ਸਮਰਥਕ ਇਕੱਠੇ ਹੋ ਰਹੇ ਸਨ, ਜਿਸ ਤੋਂ ਬਾਅਦ ਪੁਲਸ ਦੀ ਕਾਰਵਾਈ ਦੇਖਣ ਨੂੰ ਮਿਲੀ ਹੈ। ਪੁਲਿਸ ਨੇ ਜਲੰਧਰ ਦੇ ਕਈ ਇਲਾਕਿਆਂ ‘ਚ ਮੁਕੰਮਲ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਵੀ ਸ਼ੁਰੂ ਕਰ ਦਿੱਤੀ ਹੈ।ਪੁਲਿਸ ਸੂਤਰਾਂ ਅਨੁਸਾਰ ਇਸ ‘ਚ ਕਈ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਕਈ ਚੀਜ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਦੱਸ ਦਈਏ ਕਿ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਦਾ ਪਿੱਛਾ ਕਰ ਰਹੀ ਹੈ ਅਤੇ ਜਲਦੀ ਹੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਇਸ ਵੇਲੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਤਿੰਨ ਕੇਸ ਦਰਜ ਹਨ। ਜਿਨ੍ਹਾਂ ਵਿੱਚੋਂ ਦੋ ਥਾਣਾ ਅਜਨਾਲਾ ਵਿੱਚ ਹਨ। ਪੁਲਿਸ ਕਾਫੀ ਸਮੇਂ ਤੋਂ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰ ਤੋਂ ਹੀ ਭਾਰੀ ਪੁਲਿਸ ਫੋਰਸ ਉਨ੍ਹਾਂ ਦੇ ਕਾਫ਼ਲੇ ਦਾ ਪਿੱਛਾ ਕਰ ਰਹੀ ਸੀ ਪਰ ਜਦੋਂ ਇਹ ਕਾਫ਼ਲਾ ਮਹਿਤਪੁਰ ਨੇੜੇ ਪੁੱਜਾ ਤਾਂ ਪੁਲਿਸ ਫੋਰਸ ਨੇ ਉਸ ਨੂੰ ਘੇਰ ਲਿਆ | ਅੰਮ੍ਰਿਤਪਾਲ ਸਿੰਘ ਦੀਆਂ ਦੋ ਗੱਡੀਆਂ ਵਿੱਚ ਸਵਾਰ 6 ਵਿਅਕਤੀਆਂ ਨੂੰ ਫੜਿਆ। ਜਦਕਿ ਅੰਮ੍ਰਿਤਪਾਲ ਸਿੰਘ ਆਪਣੀ ਮਰਸਡੀਜ਼ ਕਾਰ ਵਿੱਚ ਫਰਾਰ ਹੋ ਗਿਆ। ਪੁਲਸ ਨੇ ਗ੍ਰਿਫਤਾਰ ਕੀਤੇ ਗਏ ਸਾਰੇ 6 ਦੋਸ਼ੀਆਂ ਕੋਲੋਂ ਭਾਰੀ ਮਾਤਰਾ ‘ਚ ਹਥਿਆਰ ਵੀ ਬਰਾਮਦ ਕੀਤੇ ਹਨ।