Site icon TV Punjab | Punjabi News Channel

PAU ਲਾਈਵ ਵਿਚ ਖੇਤੀ ਮਾਹਿਰਾਂ ਨੇ ਦਿੱਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਵੀਰਵਾਰ ਸ਼ੋਸ਼ਲ ਮੀਡੀਆ ਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿਚ ਇਸ ਵਾਰ ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ । ਕੀਟ ਵਿਗਿਆਨ ਵਿਭਾਗ ਦੇ ਮਾਹਿਰ ਡਾ. ਅਮਨਦੀਪ ਕੌਰ ਨੇ ਨਰਮਾ-ਕਪਾਹ ਪੱਟੀ ਵਿਚ ਗੁਲਾਬੀ ਸੁੰਡੀ ਦੀਆਂ ਖਬਰਾਂ ਬਾਰੇ ਗੱਲ ਕੀਤੀ । ਉਹਨਾਂ ਦੱਸਿਆ ਕਿ ਇਹ ਕੀੜਾ ਬਠਿੰਡੇ ਤੋਂ ਇਲਾਵਾ ਹੋਰ ਕਿੱਥੇ-ਕਿੱਥੇ ਸਰਵੇਖਣਾਂ ਬਾਅਦ ਵੇਖਿਆ ਗਿਆ ਹੈ ।

ਇਸ ਤੋਂ ਇਲਾਵਾ ਉਹਨਾਂ ਨੇ ਗੁਲਾਬੀ ਸੁੰਡੀ ਦੇ ਜੀਵਨ-ਚੱਕਰ ਅਤੇ ਫੈਲਾਅ ਦੇ ਕਾਰਨਾਂ ਦੇ ਨਾਲ-ਨਾਲ ਇਸ ਨੂੰ ਕਾਬੂ ਕਰਨ ਦੇ ਢੰਗਾਂ ਸੰਬੰਧੀ ਵੀ ਵਿਸਥਾਰ ਨਾਲ ਗੱਲ ਕੀਤੀ । ਲੈਂਡਸਕੇਪ ਅਤੇ ਫਲੌਰੀਕਲਚਰ ਵਿਭਾਗ ਦੇ ਮੁਖੀ ਡਾ. ਕਿਰਨਜੀਤ ਕੌਰ ਢੱਟ ਨੇ ਪੰਜਾਬ ਵਿਚ ਖੇਤੀ ਵਿਭਿੰਨਤਾ ਲਿਆਉਣ ਲਈ ਫੁੱਲਾਂ ਦੇ ਯੋਗਦਾਨ ਬਾਰੇ ਦੱਸਿਆ । ਉਹਨਾਂ ਫਲਾਂ ਦੀ ਖੇਤੀ ਦੇ ਆਰਥਿਕ ਅਤੇ ਤਕਨੀਕੀ ਪੱਖ ਦੀ ਜਾਣਕਾਰੀ ਦਿੱਤੀ ।

ਡਾ. ਢੱਟ ਨੇ ਇਸ ਲਈ ਵਿਭਾਗ ਵੱਲੋਂ ਦਿੱਤੀ ਜਾਂਦੀ ਸਿਖਲਾਈ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ । ਕੰਪਿਊਟਰ ਪ੍ਰੋਗਰਾਮਰ ਸ੍ਰੀ ਰਜਤ ਸ਼ਰਮਾ ਨੇ ਬੀਤੇ ਦਿਨੀਂ ਸ਼ੁਰੂ ਹੋਏ ਪੀ.ਏ.ਯੂ. ਕਿਸਾਨ ਮੇਲਿਆਂ ਵਿੱਚ ਭਾਗ ਲੈਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ । ਇਸ ਤੋਂ ਪਹਿਲਾਂ ਡਾ. ਇੰਦਰਪ੍ਰੀਤ ਬੋਪਾਰਾਏ ਅਤੇ ਸ੍ਰੀ ਗੁਰਪ੍ਰੀਤ ਵਿਰਕ ਨੇ ਕਿਸਾਨਾਂ ਨਾਲ ਇਸ ਮਹੀਨੇ ਖੇਤੀ ਰੁਝੇਵੇਂ ਸਾਂਝੇ ਕੀਤੇ।

ਟੀਵੀ ਪੰਜਾਬ ਬਿਊਰੋ

Exit mobile version