Ottawa- ਕੈਨੇਡਾ ’ਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਓਟਾਵਾ ਦੇ ਆਲੇ-ਦੁਆਲੇ ਦੇ ਰਾਜਦੂਤ ਕੰਜ਼ਰਵੇਟਿਵ ਪਾਰਟੀ ਦੀ ਵਿਦੇਸ਼ ਨੀਤੀ ਨੂੰ ਸਮਝਣ ਲਈ ਸੁਰਾਗ ਲੱਭ ਰਹੇ ਹਨ, ਕਿਉਂਕਿ ਪਾਰਟੀ ਆਗੂ ਪਿਏਰੇ ਪੋਈਲਿਵਰ ਨੇ ਕੁਝ ਸੰਕੇਤ ਦਿੱਤੇ ਹਨ ਕਿ ਉਹ ਪ੍ਰਧਾਨ ਮੰਤਰੀ ਦੇ ਰੂਪ ’ਚ ਵਿਸ਼ਵ ਮੰਚ ’ਤੇ ਕਿੰਝ ਪਹੁੰਚਣਗੇ। ਓਟਾਵਾ ’ਚ ਕਈ ਦੂਤਘਰਾਂ ਦੇ ਅੰਬੈਸਡਰ ਇਸ ਗੱਲ ਨੂੰ ਲੈ ਕੇ ਖ਼ਦਸ਼ੇ ਹਨ ਕਿ ਕੀ ਕੰਜ਼ਰਵੇਟਿਵ ਵਿਸ਼ਵ ਜਲਵਾਯੂ ਵਚਨਬੱਧਤਾ ’ਤੇ ਟਿਕੇ ਰਹਿਣਗੇ ਅਤੇ ਯੂਕਰੇਨ ਦਾ ਸਮਰਥਨ ਜਾਰੀ ਰੱਖਣਗੇ?
ਇਸ ਬਾਰੇ ਗੱਲਬਾਤ ਕਰਦਿਆਂ ਲਾਬੀ ਫਰਮ ਸਟ੍ਰੈਟਜੀਕਾਪ ਦੇ ਉਪ ਪ੍ਰਧਾਨ ਗੈਰੀ ਕੈਲਰ ਨੇ ਕਿਹਾ ਕਿ ਪੋਈਲਿਵਰ ਆਪਣੇ ਘਰੇਲੂ ਆਰਥਿਕ ਬਿਰਤਾਂਤ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਨ ਅਤੇ ਵਿਦੇਸ਼ੀ ਨੀਤੀ ਦੇ ਪੱਖ ’ਚ ਭਾਰੀ ਜ਼ਿੰਮੇਵਾਰੀ ਹੋਰਾਂ ’ਤੇ ਸੁੱਟ ਰਹੇ ਹਨ। ਕੈਲਰ, ਜਿਹੜੇ ਕਿ ਸਾਬਕਾ ਕੰਜ਼ਰਵੇਟਿਵ ਵਿਦੇਸ਼ ਮੰਤਰੀ ਜਾਨ ਬੇਅਰਡ ਦੇ ਚੀਫ਼ ਆਫ਼ ਸਟਾਫ਼ ਸਨ, ਨੇ ਕਿਹਾ ਕਿ ਦੂਤਘਰਾਂ ਲਈ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਤਲਾਸ਼ ਕਰਨਾ ਆਮ ਗੱਲ ਹੈ ਅਤੇ ਚੋਣਾਂ ਹੋਣਾਂ ਤੱਕ ਵਿਰੋਧੀ ਨੇਤਾਵਾਂ ਤੱਕ ਪਹੁੰਚਣਾ ਔਖਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਕੈਨੇਡੀਅਨ ਲੋਕ ਵਿਦੇਸ਼ ਨੀਤੀ ਦੇ ਨਾਂ ’ਤੇ ਵੋਟ ਨਹੀਂ ਪਾਉਂਦੇ। ਪੋਈਲਿਵਰ ਦਾ ਧਿਆਨ ਰਿਹਾਇਸ਼ ਅਤੇ ਸਿਹਤ ਦੇਖਭਾਲ ਵਰਗੇ ਮੁੱਦਿਆਂ ’ਤੇ ਕੇਂਦਰਿਤ ਹੈ, ਜਿਨ੍ਹਾਂ ਨੂੰ ਕੈਨੇਡੀਅਨ ਲੋਕ ਵੋਟਿੰਗ ’ਚ ਸਭ ਤੋਂ ਉੱਪਰ ਮੰਨਦੇ ਹਨ।
ਉਧਰ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੀ ਸਰਕਾਰ ’ਚ ਇਮੀਗ੍ਰੇਸ਼ਨ ਮੰਤਰੀ ਰਹੇ ਕ੍ਰਿਸ ਅਲੈਕਜ਼ੈਂਡਰ ਨੇ ਤਰਕ ਦਿੱਤਾ ਹੈ ਕਿ ਸੰਘਰਸ਼ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਵਿਸ਼ਵੀ ਤਾਕਤਾਂ ਦੇ ਪ੍ਰਭਾਵ ਨੂੰ ਦੇਖਦਿਆਂ ਪੋਈਲਿਵਰ ਹੋਰ ਅੱਗੇ ਵੱਧ ਸਕਦੇ ਹਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਇੱਕ ਸਾਲ ਪਹਿਲਾਂ ਨੇਤਾ ਬਣਨ ਮਗਰੋਂ ਪੋਈਲਿਵਰ ਨੇ ਕੈਨੇਡਾ ’ਚ ਪ੍ਰਵਾਸੀ ਭਾਈਚਾਰਿਆਂ ਲਈ ਕੁਝ ਵਿਦੇਸ਼ ਨੀਤੀ ਦੇ ਮੁੱਦਿਆਂ ਨੂੰ ਤਿਆਰ ਕੀਤਾ ਹੈ, ਜਿਵੇਂ ਕਿ ਕੈਨੇਡਾ ਤੋਂ ਅੰਮ੍ਰਿਤਸਰ ਤੱਕ ਇੱਕ ਸਿੱਧੀ ਉਡਾਣ ਚਾਲੂ ਕਰਨ ਲਈ ਇੱਕ ਏਅਰਲਾਈਨ ਸ਼ੁਰੂ ਕਰਨ ਦੀ ਵਚਨਬੱਧਤਾ। ਹਾਲਾਂਕਿ ਉਨ੍ਹਾਂ ਨੇ ਕੁਝ ਵਿਦੇਸ਼ ਮੁੱਦਿਆਂ ’ਤੇ ਸਖ਼ਤ ਹੋਣ ਦਾ ਵਾਅਦਾ ਕਰਕੇ ਲਿਬਰਲ ਸਰਕਾਰ ਨਾਲ ਭਿੰਨਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਕਿ ਇਰਾਨ ਦੇ ਇਸਲਾਮਿਕ ਰੈਵਲੂਸ਼ਨਰੀ ਗਾਰਡ ਕਾਰਪਸ ਨੂੰ ਇੱਕ ਅੱਤਵਾਦੀ ਸੰਗਠਨ ਐਲਾਨਣਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੇ ਵਿਦੇਸ਼ੀ-ਨੀਤੀ ਦੇ ਕੁਝ ਸਭ ਤੋਂ ਵੱਡੇ ਵਿਸ਼ਿਆਂ ਨੂੰ ਆਪਣੀ ਬੈਂਚ ਦੇ ਪ੍ਰਮੁੱਖ ਸੰਸਦ ਮੈਂਬਰਾਂ ’ਤੇ ਛੱਡ ਦਿੱਤਾ ਹੈ।