ਗੱਡੀ ਨੇ ਰਾਹਗੀਰਾਂ ਨੂੰ ਮਾਰੀ ਟੱਕਰ, ਦੋ ਬੱਚੇ ਅਤੇ ਔਰਤ ਗੰਭੀਰ ਜ਼ਖ਼ਮੀ

Toronto- ਟੋਰਾਂਟੋ ਦੇ ਵਾਟਰਫਰੰਟ ਨੇੜੇ ਇੱਕ ਵਾਹਨ ਵਲੋਂ ਚਾਰ ਪੈਦਰ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਦੇ ਨਤੀਜੇ ਵਜੋਂ ਦੋ ਬੱਚੇ ਅਤੇ ਇੱਕ ਔਰਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਟੋਰਾਂਟੋ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਸਾਰੇ ਪੀੜਤਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸ਼ਾਮੀਂ 6:20 ਵਜੇ ਦੇ ਕਰੀਬ ਥਰਟੀਨਥ ਸਟਰੀਟ ਅਤੇ ਲੇਕ ਸ਼ੋਰ ਬੁਲੇਵਾਰਡ ਦੇ ਖੇਤਰ ’ਚ ਵਾਪਰਿਆ ਅਤੇ ਡਰਾਈਵਰ ਨੇ ਕੁੱਲ ਚਾਰ ਲੋਕਾਂ ਨੂੰ ਟੱਕਰ ਮਾਰੀ ਸੀ।
ਪੈਰਾਮੈਡਿਕਸ ਮੁਤਾਬਕ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਜਦਕਿ ਤਿੰਨ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਇਨ੍ਹਾਂ ’ਚ ਦੋ ਬੱਚੇ ਅਤੇ ਇੱਕ ਔਰਤ ਸ਼ਾਮਿਲ ਹੈ। ਪੁਲਿਸ ਨੇ ਦੱਸਿਆ ਕਿ ਹਾਦਸੇ ਮਗਰੋਂ ਗੱਡੀ ਦਾ ਡਰਾਈਵਰ ਮੌਕੇ ’ਤੇ ਹੀ ਰਿਹਾ ਅਤੇ ਉਸ ਨੂੰ ਇਸ ਹਾਦਸੇ ਦੌਰਾਨ ਕੋਈ ਸੱਟ-ਚੋਟ ਨਹੀਂ ਲੱਗੀ ਹੈ। ਪੁਲਿਸ ਦਾ ਕਹਿਣ ਹੈ ਕਿ ਉਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਵਾਹਨ ਚਾਲਕ ਤੇ ਪੀੜਤਾਂ ਦੀ ਪਹਿਚਾਣ ਬਾਰੇ ਕੋਈ ਵੀ ਖ਼ੁਲਾਸਾ ਨਹੀਂ ਕੀਤਾ ਹੈ।