ਨਵੀਂ ਦਿੱਲੀ- ਆਪਣੀ ਐੱਸ.ਯੂ.ਵੀ ਕਾਰ ਹੇਠ ਬੇਗੁਨਾਹ ਕਿਸਾਨਾਂ ਨੂੰ ਦਰੜਨ ਵਾਲੇ ਕੇਂਦਰੀ ਮੰਤਰੀ ਦੇ ਪੁੱਤਰ ਅਤੇ ਭਾਜਪਾ ਨੇਤਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਹੁਣ ਫਿਰ ਤੋਂ ਜੇਲ੍ਹ ਜਾਣਾ ਪਵੇਗਾ । ਲਖੀਮਪੁਰ ਖੀਰੀ ਮਾਮਲੇ ਚ ਜਮਾਨਤ ‘ਤੇ ਆਏ ਮਿਸ਼ਰਾ ਖਿਲਾਫ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ । ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਦੀ ਜਮਾਨਤ ਰੱਦ ਕਰ ਉਸਨੂੰ ਇੱਕ ਹਫਤੇ ਦੇ ਅੰਦਰ ਸਰੰਡਰ ਕਰਨ ਦੇ ਹੁਕਮ ਦਿੱਤੇ ਹਨ । ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਹਾਈਕੋਰਟ ਨੇ ਪੀੜਤ ਧਿਰ ਦੀ ਸੁਣਵਾਈ ਨਹੀਂ ਕੀਤੀ ਅਤੇ ਜਲਦਬਾਜ਼ੀ ਚ ਮੁਲਜ਼ਮ ਨੂੰ ਜ਼ਮਾਨਤ ਦਿੱਤੀ ਹੈ । ਮਾਣਯੋਗ ਅਦਾਲਤ ਨੇ ਮਿਸ਼ਰਾ ਦੀ ਜਮਾਨਤ ਰੱਦ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਆਪਣਾ ਤਰਕ ਦਿੱਤਾ ਹੈ ।
ਜ਼ਿਕਰਯੋਗ ਹੈ ਕਿ ਪਿਚਲੇ ਸਾਲ 3 ਅਕਤੂਬਰ ਨੂੰ ਲਖੀਮਪੁਰ ਖੀਰੀ ਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਮੰਤਰੀ ਪੁੱਤਰ ਆਸ਼ੀਸ਼ ਮਿਸ਼ਰਾ ਨੇ ਆਪਣੀ ਗੱਡੀ ਚੜਾ ਦਿੱਤੀ ਸੀ । ਇਸ ਹਾਦਸੇ ਚ ਚਾਰ ਕਿਸਾਨਾਂ ਨੂਝੰ ਕੁਚਲ ਦਿੱਤਾ ਗਿਆ ਸੀ ਜਦਕਿ ਇਸ ਦੌਰਾਨ ਕਵਰੇਜ ਕਰ ਰਿਹਾ ਇੱਕ ਪੱਤਰਕਾਰ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ।
ਅੱਜ ਸੁਪਰੀਮ ਕੋਰਟ ਚ ਕਿਸਾਨਾਂ ਵਲੋਂ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਦੁਸ਼ਯੰਤ ਦਵੇ ਪੇਸ਼ ਹੋਏ । ਉਨ੍ਹਾਂ ਕਿਹਾ ਕਿ ਹਾਈਕੋਰਟ ਨੇ ਜਾਂਚ ਰਿਪੋਰਟ ਨੂੰ ਨਜ਼ਰ ਅੰਦਾਜ਼ ਕਰ ਸਿਰਫ ਐੱਫ.ਆਈ.ਆਰ ਦੇ ਅਧਾਰ ‘ਤੇ ਹੀ ਜ਼ਮਾਨਤ ਦੇ ਦਿੱਤੀ । ਦੂਜੇ ਪਾਸੇ ਮਿਸ਼ਰਾ ਦੇ ਵਕੀਲ ਰਣਜੀਤ ਕੁਮਾਰ ਨੇ ਇਲਾਹਾਬਾਦ ਹਾਈਕੋਰਟ ਦੇ ਹੁਕਮਾਂ ‘ਤੇ ਹੀ ਆਪਣੀ ਗੱਲ ਰੱਖੀ ।