Surrey- ਜਨਤਕ ਸੁਰੱਖਿਆ ਮੰਤਰੀ ਅਤੇ ਸਾਲਿਸਟਰ ਜਨਰਲ ਮਾਈਕ ਫਾਰਨਵਰਥ ਨੇ ਪੂਰੇ ਸਰੀ ਪੁਲਿਸ ਬੋਰਡ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਮੇਅਰ ਬਰੈਂਡਾ ਲੌਕ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਹ ਪ੍ਰੋਵਿੰਸ ਅਤੇ ਸਿਟੀ ਆਫ਼ ਸਰੀ ਵਿਚਕਾਰ ਲੜਾਈ ’ਚ ਸਭ ਤੋਂ ਤਾਜ਼ਾ ਮਾਮਲਾ ਹੈ, ਜਿਸ ਨੇ ਸਰੀ ਆਰ. ਸੀ. ਐੱਮ. ਪੀ. ਤੋਂ ਸਰੀ ਪੁਲਿਸ ਸੇਵਾ ’ਚ ਤਬਦੀਲੀ ਰਾਹੀਂ ਸਰਕਾਰ ਦੇ ਜਬਰਦਸਤੀ ਯਤਨਾਂ ਦਾ ਵਿਰੋਧ ਕੀਤਾ ਹੈ।
ਫਾਰਨਵਰਥ ਨੇ ਐਬਟਸਫੋਰਡ ਦੇ ਸਾਬਕਾ ਪੁਲਿਸ ਮੁਖੀ ਮਾਈਕ ਸੇਰ ਨੂੰ ਸਰੀ ਪੁਲਿਸ ਸੇਵਾ ’ਚ ਤਬਦੀਲੀ ’ਚ ਸਹਾਇਤਾ ਕਰਨ ਲਈ ਪੁਲਿਸ ਬੋਰਡ ਦੇ ਪ੍ਰਸ਼ਾਸਕ ਵਜੋਂ ਨਿਯੁਕਤ ਕੀਤਾ। ਸੇਰ ਪੁਲਿਸ ਬੋਰਡ ਦੇ ਇਕਲੌਤਾ ਮੈਂਬਰ ਹੋਣਗੇ।
ਵੀਰਵਾਰ ਨੂੰ ਵਿਕਟੋਰੀਆ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਾਰਨਵਰਥ ਨੇ ਕਿਹਾ ਕਿ ਸਰੀ ਪੁਲਿਸ ਬੋਰਡ ਦੇ ਸਾਰੇ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸਾਰੇ ਫ਼ਰਜ਼ਾਂ ਨੂੰ ਸੰਭਾਲਣ ਲਈ ਐਬਟਸਫੋਰਡ ਦੇ ਸਾਬਕਾ ਪੁਲਿਸ ਮੁਖੀ ਮਾਈਕ ਸੇਰ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਭੇਤ ਨਹੀਂ ਹੈ ਕਿ ਇਹ ਇੱਕ ਗੁੰਝਲਦਾਰ ਮੁੱਦਾ ਰਿਹਾ ਹੈ। ਇਹ ਇਸ ਸੂਬੇ ’ਚ ਇਤਿਹਾਸ ਦੀ ਸਭ ਤੋਂ ਵੱਡੀ ਪੁਲਿਸ ਤਬਦੀਲੀ ਹੈ।
ਸਰੀ ਦੀ ਮੇਅਰ ਬਰੈਂਡਾ ਲੌਕ, ਜੋ ਬੋਰਡ ਦੇ ਪ੍ਰਧਾਨ ਸਨ, ਨੇ ਤਬਦੀਲੀ ਦਾ ਵਿਰੋਧ ਕੀਤਾ ਹੈ ਅਤੇ ਪਹਿਲਾਂ ਫਾਰਨਵਰਥ ’ਤੇ ਉਸ ਵਿਰੁੱਧ ਧੱਕੇਸ਼ਾਹੀ ਅਤੇ ਦੁਰਵਿਹਾਰ ਦਾ ਦੋਸ਼ ਲਗਾਇਆ ਹੈ। ਉੱਧਰ ਫਾਰਨਵਰਥ ਨੇ ਕਿ ਉਨ੍ਹਾਂ ਲੌਕ ਨੂੰ ਆਪਣੇ ਫੈਸਲੇ ਬਾਰੇ ਸੂਚਿਤ ਕੀਤਾ ਅਤੇ ਉਨ੍ਹਾਂ ਨੇ ‘ਚੰਗੀ, ਸੁਹਿਰਦ ਗੱਲਬਾਤ’ ਕੀਤੀ ਸੀ। ਉਨ੍ਹਾਂ ਆਖਿਆ, ‘‘ਮੈਨੂੰ ਲਗਦਾ ਹੈ ਕਿ ਇਹ ਚੀਜ਼ਾਂ ਨੂੰ ਅੱਗੇ ਵਧਾਏਗਾ। ਮੈਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਤਬਦੀਲੀ ਜਾਰੀ ਰਹੇਗੀ।’’