BCCI ਪ੍ਰਧਾਨ ਸੌਰਵ ਗਾਂਗੁਲੀ ਕੋਵਿਡ-19 ਪਾਜ਼ੇਟਿਵ ਹੋਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਤੇਜ਼ੀ ਨਾਲ ਫੈਲ ਰਹੇ ਕੋਵਿਡ-19 ਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਸੋਮਵਾਰ ਰਾਤ ਗਾਂਗੁਲੀ ਦੇ ਕੋਵਿਡ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕ੍ਰਿਕਟ ਬੋਰਡ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਗਾਂਗੁਲੀ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ ਅਤੇ ਉਹ ਲਗਾਤਾਰ ਯਾਤਰਾ ਕਰ ਰਹੇ ਸਨ। ਸਾਵਧਾਨੀ ਦੇ ਤੌਰ ‘ਤੇ ਸੋਮਵਾਰ ਰਾਤ ਨੂੰ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਸਦਾ ਆਰਟੀ ਪੀਸੀਆਰ ਟੈਸਟ ਪਾਜ਼ੇਟਿਵ ਆਇਆ ਹੈ।

ਬੋਰਡ ਦੇ ਇੱਕ ਸੂਤਰ ਨੇ ਕਿਹਾ, “ਉਸ ਨੂੰ ਵੁੱਡਲੈਂਡਜ਼ ਨਰਸਿੰਗ ਹੋਮ ਲਿਜਾਇਆ ਗਿਆ। ਉਸਨੂੰ ਦਵਾਈ ਦਿੱਤੀ ਗਈ ਹੈ ਅਤੇ ਉਸਦੀ ਹਾਲਤ ਸਥਿਰ ਹੈ।”

ਗਾਂਗੁਲੀ ਨੂੰ ਇਸ ਸਾਲ ਦੀ ਸ਼ੁਰੂਆਤ ‘ਚ ਦੋ ਵਾਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਦਿਲ ਦੀ ਤਕਲੀਫ਼ ਤੋਂ ਬਾਅਦ ਉਸ ਦੀ ਐਮਰਜੈਂਸੀ ਐਂਜੀਓਪਲਾਸਟੀ ਹੋਈ। ਉਨ੍ਹਾਂ ਦਾ ਵੱਡਾ ਭਰਾ ਸਨੇਹਸ਼ੀਸ਼ ਗਾਂਗੁਲੀ ਵੀ ਇਸ ਸਾਲ ਕੋਰੋਨਾ ਇਨਫੈਕਸ਼ਨ ਦਾ ਸ਼ਿਕਾਰ ਹੋਇਆ ਸੀ।