RCB ਨੇ ਰਜਤ ਪਾਟੀਦਾਰ ਦੇ ਸੈਂਕੜੇ ਦੇ ਦਮ ‘ਤੇ ਲਖਨਊ ਨੂੰ ਬਾਹਰ ਕੀਤਾ

ਰਾਇਲ ਚੈਲੰਜਰਜ਼ ਬੰਗਲੌਰ (RCB) ਨੇ ਇੰਡੀਅਨ ਪ੍ਰੀਮੀਅਰ ਲੀਗ (IPL 2022) ਦੇ ਐਲੀਮੀਨੇਸ਼ਨ ਮੈਚ ਵਿੱਚ ਲਖਨਊ ਸੁਪਰ ਜਾਇੰਟਸ (LSG) ਨੂੰ 14 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚੋਂ ਬਾਹਰ ਕਰ ਦਿੱਤਾ। ਹੁਣ ਦੂਜੇ ਕੁਆਲੀਫਾਇਰ ਵਿੱਚ ਉਸ ਦਾ ਸਾਹਮਣਾ ਸ਼ੁੱਕਰਵਾਰ ਨੂੰ ਰਾਜਸਥਾਨ ਰਾਇਲਜ਼ (ਆਰਆਰ) ਨਾਲ ਹੋਵੇਗਾ। ਲਖਨਊ ਨੇ ਟਾਸ ਜਿੱਤ ਕੇ ਬੰਗਲੌਰ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਪਰ ਰਜਤ ਪਾਟੀਦਾਰ (112*) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਬੰਗਲੌਰ ਨੇ ਉਸ ਦੇ ਸਾਹਮਣੇ 208 ਦੌੜਾਂ ਦੀ ਵੱਡੀ ਚੁਣੌਤੀ ਰੱਖੀ। ਜਵਾਬ ‘ਚ ਲਖਨਊ ਦੀ ਟੀਮ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 193 ਦੌੜਾਂ ਹੀ ਬਣਾ ਸਕੀ।

ਲਖਨਊ ਨੇ 41 ਦੌੜਾਂ ਜੋੜਨ ਤੱਕ ਆਪਣੀਆਂ ਪਹਿਲੀਆਂ ਦੋ ਵਿਕਟਾਂ ਹੀ ਗੁਆ ਦਿੱਤੀਆਂ ਸਨ। ਪਰ ਇਸ ਤੋਂ ਬਾਅਦ ਕਪਤਾਨ ਕੇਐੱਲ ਰਾਹੁਲ ਅਤੇ ਦੀਪਕ ਹੁੱਡਾ ਨੇ ਤੀਜੇ ਵਿਕਟ ਲਈ 96 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮੈਚ ‘ਚ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਦੌਰਾਨ ਪਾਰੀ ਦੇ 15ਵੇਂ ਓਵਰ ‘ਚ ਦੀਪਕ ਹੁੱਡਾ ਵਨਿੰਦਾ ਹਸਰਾਂਗਾ ਨੂੰ 2 ਛੱਕੇ ਮਾਰਨ ਤੋਂ ਬਾਅਦ ਤੀਜਾ ਛੱਕਾ ਮਾਰਨ ਦੀ ਕੋਸ਼ਿਸ਼ ‘ਚ ਬੋਲਡ ਹੋ ਗਿਆ ਅਤੇ ਇੱਥੋਂ ਮੈਚ ਉਲਟਾ ਹੋ ਗਿਆ। ਹੁੱਡਾ ਨੇ 26 ਗੇਂਦਾਂ ‘ਚ 1 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ।

ਹਾਲਾਂਕਿ ਕਪਤਾਨ ਕੇਐੱਲ ਰਾਹੁਲ ਅੰਤ ਤੱਕ ਇੱਕ ਸਿਰੇ ‘ਤੇ ਖੜ੍ਹੇ ਰਹੇ ਪਰ 19ਵੇਂ ਓਵਰ ‘ਚ ਉਹ ਵੀ ਜੋਸ਼ ਹੇਜ਼ਲਵੁੱਡ ਦੇ ਹੱਥੋਂ ਕੈਚ ਹੋ ਗਏ ਅਤੇ ਲਖਨਊ ਦੀਆਂ ਉਮੀਦਾਂ ‘ਤੇ ਵੀ ਪਾਣੀ ਫਿਰ ਗਿਆ। ਰਾਹੁਲ ਨੇ 58 ਗੇਂਦਾਂ ‘ਚ 3 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 79 ਦੌੜਾਂ ਬਣਾਈਆਂ। ਪਰ ਉਹ ਆਪਣੀ ਟੀਮ ਨੂੰ ਜਿੱਤ ਦਿਵਾ ਨਹੀਂ ਸਕੇ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਰਸੀਬੀ ਨੇ ਰਜਤ ਪਾਟੀਦਾਰ (112*) ਦੇ ਨਾਬਾਦ ਸੈਂਕੜੇ ਦੀ ਬਦੌਲਤ 208 ਦੌੜਾਂ ਦਾ ਟੀਚਾ ਦਿੱਤਾ। ਹਾਲਾਂਕਿ ਉਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਕਪਤਾਨ ਫਾਫ ਡੂ ਪਲੇਸਿਸ (0) ਗੋਲਡਨ ਡਕ ਦਾ ਸ਼ਿਕਾਰ ਹੋ ਗਿਆ। ਇਸ ਤੋਂ ਬਾਅਦ ਰਜਤ ਪਾਟੀਦਾਰ ਨੇ ਵਿਰਾਟ ਕੋਹਲੀ ਨਾਲ ਦੂਜੀ ਵਿਕਟ ਲਈ 66 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ ਇਸ ਦੌਰਾਨ ਵਿਰਾਟ 24 ਗੇਂਦਾਂ ‘ਚ 25 ਦੌੜਾਂ ਬਣਾ ਕੇ ਅਵੇਸ਼ ਖਾਨ ਦਾ ਸ਼ਿਕਾਰ ਬਣ ਗਏ। ਗਲੇਨ ਮੈਕਸਵੈੱਲ (9) ਵੀ ਕ੍ਰੀਜ਼ ‘ਤੇ ਆਏ ਅਤੇ ਜਲਦੀ ਹੀ ਪਰਤ ਗਏ। ਮਹੀਪਾਲ ਲੋਮਰਰ ਵੀ 9 ਗੇਂਦਾਂ ‘ਤੇ 14 ਦੌੜਾਂ ਬਣਾ ਕੇ ਆਊਟ ਹੋ ਗਏ।

ਹਾਲਾਂਕਿ ਰਜਤ ਪਾਟੀਦਾਰ ‘ਤੇ ਅੱਜ ਇਸ ਸਭ ਦਾ ਕੋਈ ਅਸਰ ਨਹੀਂ ਹੋਇਆ ਅਤੇ ਉਹ ਇਕ ਸਿਰੇ ‘ਤੇ ਖੜ੍ਹੇ ਹੋ ਕੇ ਵੱਡੇ-ਵੱਡੇ ਸ਼ਾਟ ਲਗਾਉਂਦੇ ਰਹੇ। ਉਸਨੇ ਆਰਸੀਬੀ ਦੀ ਰਨ-ਰੇਟ ਨੂੰ ਲਗਾਤਾਰ ਵਧਾਉਣ ਲਈ ਕੰਮ ਕੀਤਾ। ਉਸ ਨੇ ਸਿਰਫ਼ 28 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ ਅਤੇ ਫਿਰ ਅਗਲੀਆਂ 21 ਗੇਂਦਾਂ ਵਿੱਚ ਇਸ ਨੂੰ ਸੈਂਕੜੇ ਵਿੱਚ ਬਦਲ ਦਿੱਤਾ।

ਅੰਤ ‘ਚ ਉਸ ਨੂੰ 5ਵੀਂ ਵਿਕਟ ਦੇ ਰੂਪ ‘ਚ ਦਿਨੇਸ਼ ਕਾਰਤਿਕ (37*, 23 ਗੇਂਦਾਂ) ਦਾ ਚੰਗਾ ਸਾਥ ਮਿਲਿਆ। ਦੋਵਾਂ ਨੇ 5ਵੀਂ ਵਿਕਟ ਲਈ 92 ਦੌੜਾਂ ਦੀ ਸਾਂਝੇਦਾਰੀ ਨਿਭਾਈ ਅਤੇ ਆਪਣੀ ਟੀਮ ਨੂੰ ਮਜ਼ਬੂਤੀ ਨਾਲ ਮੈਚ ਵਿੱਚ ਲਿਆਂਦਾ। ਲਖਨਊ ਲਈ ਮੋਹਸਿਨ ਖਾਨ, ਅਵੇਸ਼ ਖਾਨ, ਰਵੀ ਬਿਸ਼ਨੋਈ ਅਤੇ ਕੁਨਾਲ ਪੰਡਯਾ ਨੇ ਇਕ-ਇਕ ਵਿਕਟ ਲਈ।