ਡੈਸਕ- ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਰਾਮੇਸ਼ਵਰਮ ਜਾ ਰਹੀ ਭਾਰਤ ਗੌਰਵ ਟੂਰਿਸਟ ਟਰੇਨ ਵਿੱਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਟਰੇਨ ਮਦੁਰਾਈ ਰੇਲਵੇ ਸਟੇਸ਼ਨ ਤੋਂ ਲਗਭਗ 1 ਕਿਲੋਮੀਟਰ ਦੂਰ ਰੁਕੀ। ਇਕ ਡੱਬੇ ਤੋਂ ਸ਼ੁਰੂ ਹੋਈ ਅੱਗ ਤੇਜ਼ੀ ਨਾਲ ਨਾਲ ਲੱਗਦੇ ਡੱਬੇ ਵਿਚ ਫੈਲ ਗਈ। ਅੱਗ ਕਾਰਨ ਹੋਏ ਹਫੜਾ-ਦਫੜੀ ਦਰਮਿਆਨ ਯਾਤਰੀਆਂ ਨੇ ਤੁਰੰਤ ਰੇਲਗੱਡੀ ਖਾਲੀ ਕੀਤੀ ਅਤੇ ਹੇਠਾਂ ਉਤਰ ਗਏ। ਇਸ ਹਾਦਸੇ ‘ਚ ਜਾਨ ਗਵਾਉਣ ਵਾਲੇ ਸਾਰੇ ਯਾਤਰੀ ਉੱਤਰ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ।
ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਰੇਲਗੱਡੀ ਵਿੱਚ ਸਵਾਰ ਸ਼ਰਧਾਲੂਆਂ ਵੱਲੋਂ ਗੈਸ ਸਿਲੰਡਰ ਨਾਲ ਖਾਣਾ ਪਕਾਉਣ ਕਾਰਨ ਅੱਗ ਲੱਗੀ ਹੈ। ਮਦੁਰੈ ਦੇ ਜ਼ਿਲ੍ਹਾ ਕੁਲੈਕਟਰ ਐਮਐਸ ਸੰਗੀਤਾ ਨੇ ਕਿਹਾ, ‘ਅੱਜ ਸਵੇਰੇ ਟੂਰਿਸਟ ਟਰੇਨ ਨੂੰ ਲੱਗੀ ਅੱਗ ‘ਚ 10 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ। ਹੋਰ 20 ਜ਼ਖਮੀਆਂ ਨੂੰ ਮਦੁਰਾਈ ਦੇ ਰਾਜਾਜੀ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਅੱਗ ‘ਤੇ ਕਾਬੂ ਪਾਉਣ ‘ਚ ਲੱਗੇ ਰੇਲਵੇ ਸਟਾਫ ਤੋਂ ਇਲਾਵਾ ਪੁਲਸ, ਫਾਇਰ ਅਤੇ ਬਚਾਅ ਸੇਵਾ ਦੇ ਕਰਮਚਾਰੀਆਂ ਨੇ ਡੱਬੇ ‘ਚੋਂ ਸੜੀਆਂ ਲਾਸ਼ਾਂ ਨੂੰ ਬਾਹਰ ਕੱਢਿਆ।