Hawaii Wildfires : ਕਰਮਚਾਰੀਆਂ ਨੂੰ ਰੋਜ਼ਾਨਾ ਮਿਲ ਸਕਦੀਆਂ ਹਨ 10 ਤੋਂ 20 ਲਾਸ਼ਾਂ

Washington – ਹਵਾਈ ਦੇ ਗਵਰਨਰ ਨੇ ਚਿਤਾਵਨੀ ਦਿੱਤੀ ਹੈ ਕਿ ਇੱਥੇ ਜਲੇ ਹੋਏ ਘਰਾਂ ਅਤੇ ਵਾਹਨਾਂ ਦੀ ਤਲਾਸ਼ੀ ਕਰ ਰਹੇ ਰਿਕਵਰੀ ਦਲ ਦੇ ਕਰਮਚਾਰੀਆਂ ਨੂੰ ਹਰ ਦਿਨ 10 ਤੋਂ 20 ਪੀੜਤਾਂ ਦੀ ਲਾਸ਼ਾਂ ਮਿਲਣ ਦੀ ਸੰਭਾਵਨਾ ਹੈ। ਬੀਤੇ ਦਿਨ ਇੱਥੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 96 ਹੋ ਗਈ, ਜਿਹੜੀ ਕਿ ਪਿਛਲੀ ਇੱਕ ਸਦੀ ਦੌਰਾਨ ਅਮਰੀਕਾ ਦੇ ਜੰਗਲਾਂ ’ਚ ਲੱਗੀ ਸਭ ਤੋਂ ਘਾਤਕ ਅੱਗ ਬਣ ਗਈ ਹੈ। ਗਵਰਨਰ ਜੋਸ਼ ਗ੍ਰੀਨ ਨੇ ਦੱਸਿਆ ਕਿ ਮਰਨ ਵਾਲਿਆਂ ਦਾ ਪੂਰਾ ਅੰਕੜਾ ਜਾਣਨ ’ਚ 10 ਦਿਨ ਲੱਗ ਸਕਦੇ ਹਨ ਅਤੇ ਅਜੇ ਤੱਕ ਲਾਪਤਾ ਲੋਕਾਂ ਦੀ ਗਿਣਤੀ ਲਗਭਗ 1,300 ਹੈ। ਉਨ੍ਹਾਂ ਕਿਹਾ ਕਿ ਅੱਗ ਕਾਰਨ ਇੱਥੋਂ ਦਾ ਲਾਹਿਨਾ ਕਸਬਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਅਤੇ ਇੱਥੇ ਤਬਾਹੀ ਤੋਂ ਇਲਾਵਾ ਦੇਖਣ ਲਈ ਕੁਝ ਵੀ ਨਹੀਂ ਹੈ। ਗਵਰਨਰ ਨੇ ਕਿਹਾ ਕਿ ਲਾਹਿਨਾ ਦੇ ਸਾਰੇ 12,000 ਵਸਨੀਕ ਜਾਂ ਤਾਂ ਇਸ ਅੱਗ ’ਚ ਬਚ ਗਏ ਜਾਂ ਫਿਰ ਉਹ ਇਸ ਦੀ ਭੇਟ ਚੜ੍ਹ ਗਏ। ਉਨ੍ਹਾਂ ਦੱਸਿਆ ਕਿ ਰਿਕਵਰੀ ਦਲ ਸ਼ਾਇਦ ਹੋਰ ਪੀੜਤਾਂ ਦੀ ਖੋਜ ਕਰਨਗੇ ਅਤੇ ਉਨ੍ਹਾਂ ਦੀ ਪਹਿਚਾਣ ਕਰਨ ’ਚ ਸਮਾਂ ਲੱਗੇਗਾ।
ਦੱਸ ਦਈਏ ਕਿ ਸ਼ਨੀਵਾਰ ਤੱਕ ਅਧਿਕਾਰੀਆਂ ਨੇ ਕਿਹਾ ਸੀ ਕਿ ਸ਼ਾਹਰ ਦੇ ਸਿਰਫ਼ 3% ਹਿੱਸੇ ਦੀ ਹੀ ਅਜੇ ਤੱਕ ਤਲਾਸ਼ੀ ਲਈ ਗਈ ਹੈ ਅਤੇ ਉਹ ਕੁੱਤਿਆਂ ਦੀ ਮਦਦ ਨਾਲ ਹੋਰ ਪੀੜਤਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (FEMA) ਦੀ ਖੋਜ ਅਤੇ ਬਚਾਅ ਟੀਮ ਵਲੋਂ ਕੁੱਲ 10 ਖੋਜੀ ਕੁੱਤਿਆਂ ਨੂੰ ਇੱਥੇ ਤਾਇਨਾਤ ਕੀਤਾ ਗਿਆ ਹੈ। ਇਸ ਬਾਰੇ ’ਚ ਗੱਲਬਾਤ ਕਰਦਿਆਂ ਮਾਉਈ ਪੁਲਿਸ ਮੁਖੀ ਜੈੱਫ ਪੇਲੇਟੀਅਰ ਨੇ ਕਿਹਾ, ‘‘ਸਾਨੂੰ ਇੱਕ ਇਲਾਕਾ ਮਿਲਿਆ ਹੈ, ਜਿਸ ਨੂੰ ਅਸੀਂ ਕਾਬੂ ਕਰਨਾ ਹੈ, ਜਿਹੜਾ ਘੱਟੋ-ਘੱਟ ਪੰਜ ਵਰਗ ਮੀਲ ’ਚ ਫੈਲਿਆ ਹੋਇਆ ਹੈ ਅਤੇ ਇਹ ਸਾਡੇ ਪਿਆਰਿਆਂ ਨਾਲ ਭਰਿਆ ਹੋਇਆ ਹੈ।’’