ਮਹਿਲਾ ਕਮਿਸ਼ਨ ਦੇ ਐਕਸ਼ਨ ਤੋਂ ਬਾਅਦ ਚੰਨੀ ਦੇ ਹੱਕ ‘ਚ ਬੋਲੀ ਬੀਬੀ ਜਗੀਰ ਕੌਰ

ਡੈਸਕ- ਮਣੀ ਅਕਾਲੀ ਦਲ ਦੀ ਆਗੂ ਬੀਬੀ ਜਗੀਰ ਕੌਰ ਦੀ ਜਲੰਧਰ ‘ਚ ਨਾਮਜ਼ਦਗੀ ਦੌਰਾਨ ਚੰਨੀ ਨਾਲ ਅਚਾਨਕ ਮੁਲਾਕਾਤ ਦੀ ਵਾਇਰਲ ਹੋਈ ਵੀਡੀਓ ‘ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ 10 ਮਈ ਨੂੰ ਨਾਮਜ਼ਦਗੀ ਸਮੇਂ ਚੰਨੀ ਨੇ ਸਤਿਕਾਰ ਨਾਲ ਸਿਰ ਝੁਕਾਇਆ ਅਤੇ ਮੇਰੇ ਹੱਥ ਫੜ ਕੇ ਮੱਥੇ ‘ਤੇ ਲਾਇਆ। ਉਨ੍ਹਾਂ ਕਿਹਾ ਕਿ ਚੰਨੀ ਨੇ ਫਤਿਹ ਸਾਂਝੀ ਵੀ ਕੀਤੀ ਸੀ ਅਤੇ ਇਸ ਖੁਸ਼ੀ ਦੇ ਮਾਹੌਲ ਵਿੱਚ ਉਸ ਨੇ ਮੇਰੀ ਠੋਡੀ ਨੂੰ ਹੱਥ ਲਗਾਇਆ ਸੀ। ਉਨ੍ਹਾਂ ਕਿਹਾ ਕਿ ਉਹ ਇਸ ਸਾਰੀ ਘਟਨਾ ਨੂੰ ਸਤਿਕਾਰ ਵਜੋਂ ਦੇਖਦੇ ਹਨ।

ਉਨ੍ਹਾਂ ਕਿਹਾ ਕਿਹਾ ਕਿ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਉਸ ਤੋਂ ਉਹ ਦੁਖੀ ਹਨ। ਉਨ੍ਹਾਂ ਕਿਹਾ ਕਿ ਜਿਸ ਵੀਡੀਓ ਵਿੱਚ ਚੰਨੀ ਨੇ ਮੇਰੇ ਪ੍ਰਤੀ ਸਤਿਕਾਰ ਦਿਖਾਇਆ ਹੈ, ਉਸ ਵਿੱਚ ਸਤਿਕਾਰ ਵਾਲੇ ਹਿੱਸੇ ਨੂੰ ਕੱਟ ਦਿੱਤਾ ਗਿਆ ਹੈ। ਇਸ ਤਰ੍ਹਾਂ ਦਾ ਵੀਡੀਓ ਚਲਾਉਣਾ ਮੇਰੇ ਲਈ, ਮੇਰੇ ਪਰਿਵਾਰ ਅਤੇ ਮੇਰੇ ਸ਼ੁਭਚਿੰਤਕਾਂ ਲਈ ਬਹੁਤ ਦੁਖਦਾਈ ਹੈ।

ਚਰਨਜੀਤ ਚੰਨੀ ਪਹਿਲਾਂ ਹੀ ਆਪਣਾ ਸਪੱਸ਼ਟੀਕਰਨ ਦੇ ਚੁੱਕੇ ਹਨ ਅਤੇ ਕਿਹਾ ਹੈ ਕਿ ਉਨ੍ਹਾਂ ਦਾ ਬੀਬੀ ਜਗੀਰ ਕੌਰ ਨਾਲ ਭਰਾ-ਭੈਣ ਦਾ ਪੁਰਾਣਾ ਰਿਸ਼ਤਾ ਹੈ। ਦੋਵੇਂ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ। ਉਹ ਮੇਰੀ ਭੈਣ ਅਤੇ ਮਾਂ ਵਰਗੀ ਹੈ, ਜ਼ਿਕਰਯੋਗ ਹੈ ਕਿ ਉਕਤ ਵਾਇਰਲ ਵੀਡੀਓ ‘ਤੇ ਸਭ ਤੋਂ ਪਹਿਲਾ ਪ੍ਰਤੀਕਰਮ ਅਕਾਲੀ ਦਲ ਦੀ ਮਹਿਲਾ ਆਗੂ ਆਰਤੀ ਰਾਜਪੂਤ ਦਾ ਸੀ। ਇਸ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ।

ਦੱਸੀ ਦਈਏ ਕਿ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਚੰਨੀ 10 ਮਈ ਨੂੰ ਨਾਮਜ਼ਦਗੀ ਦੇ ਲਈ ਗਏ ਸਨ। ਉਸ ਸਮੇਂ ਉਨ੍ਹਾਂ ਦੀ ਮੁਲਾਕਾਤ ਅਕਾਲੀ ਆਗੂ ਜਗੀਰ ਕੌਰ ਨਾਲ ਹੋਈ ਸੀ। ਇਸ ਦਾ ਵੀਡੀਓ ਵਾਇਰਲ ਹੋਇਆ ਹੈ ਜਿਸ ਚ ਦਾਅਵਾ ਕੀਤਾ ਗਿਆ ਸੀ ਕਿ ਚਰਨਜੀਤ ਚੰਨੀ ਨੇ ਬੀਬੀ ਜਗੀਰ ਕੌਰ ਨਾਲ ਬਦਸਲੂਕੀ ਕੀਤੀ ਹੈ। ਇਸ ਚ ਉਨ੍ਹਾਂ ਤੇ ਇਲਜ਼ਾਮ ਲੱਗ ਰਹੇ ਸਨ ਕਿ ਇੱਕ ਮਹਿਲਾ ਨਾਲ ਪਬਲਿਕ ਸਪੇਸ ਚ ਇਸ ਤਰ੍ਹਾਂ ਦੀ ਹਰਕਤ ਕਰਨਾ ਉਨ੍ਹਾਂ ਦੇ ਚਰਿੱਤਰ ਨੂੰ ਦਰਸਾਉਂਦਾ ਹੈ। ਇਸ ਵੀਡੀਓ ਤੇ ਹੁਣ ਬੀਬੀ ਜਗੀਰ ਕੌਰ ਦਾ ਸਪੱਸ਼ਟੀਕਰਨ ਆਇਆ ਹੈ।