ਵਿਦੇਸ਼ੀ ਦਖ਼ਲ-ਅੰਦਾਜ਼ੀ ਦੇ ਦੋਸ਼ਾਂ ਤਹਿਤ ਗਿ੍ਰਫ਼ਤਾਰ ਕੀਤੇ ਗਏ ਪੁਲਿਸ ਅਧਿਕਾਰੀ ਨੂੰ ਮਿਲੀ ਜ਼ਮਾਨਤ

Vancouver- ਵਿਦੇਸ਼ੀ ਦਖ਼ਲ-ਅੰਦਾਜ਼ੀ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤੇ ਗਏ ਇੱਕ ਸਾਬਕਾ ਪੁਲਿਸ ਅਧਿਕਾਰੀ ਨੂੰ ਕਿਊਬਿਕ ਦੇ ਇੱਕ ਜੱਜ ਵਲੋਂ ਅੱਜ ਜ਼ਮਾਨਤ ਦੇ ਦਿੱਤੀ ਗਈ। 60 ਸਾਲਾ ਵਿਲੀਅਮ ਮੈਜਸ਼ਰ ਨੇ ਅੱਜ ਬਿ੍ਰਟਿਸ਼ ਕੋਲੰਬੀਆ ਦੀ ਜੇਲ੍ਹ ਤੋਂ ਫੋਨ ਰਾਹੀਂ ਇੱਕ ਸੰਖੇਪ ਅਦਾਲਾਤੀ ਸੁਣਵਾਈ ’ਚ ਭਾਗ ਲਿਆ। ਦੱਸਣਯੋਗ ਹੈ ਕਿ ਵਿਲੀਅਮ ਮੈਜਸ਼ਰ ਨੂੰ ਬੀਤੇ ਵੀਰਵਾਰ ਨੂੰ ਵਿਦੇਸ਼ੀ ਦਖ਼ਲ-ਅੰਦਾਜ਼ੀ ਅਤੇ ਸਾਜ਼ਿਸ਼ ਦੇ ਦੋਸ਼ਾਂ ਤਹਿਤ ਗਿ੍ਰਫ਼ਤਾਰ ਕੀਤਾ ਗਿਆ ਸੀ। ਪੁਲਿਸ ਮੁਤਾਬਕ ਮੈਜਸ਼ਰ ਨੇ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਨੂੰ ਲਾਭ ਪਹੁੰਚਾਉਣ ਦੇ ਮਕਸਦ ਤਹਿਤ ਖ਼ੁਫ਼ੀਆ ਜਾਣਕਾਰੀ ਜਾਂ ਹੋਰ ਸੇਵਾਵਾਂ ਇਕੱਠੀਆਂ ਕਰਨ ਲਈ ਆਪਣੇ ਗਿਆਨ ਅਤੇ ਕੈਨੇਡਾ ’ਚ ਆਪਣੇ ਸੰਪਰਕਾਂ ਦੀ ਵਰਤੋਂ ਕੀਤੀ ਸੀ। ਪੁਲਿਸ ਨੇ ਦੋਸ਼ ਲਾਇਆ ਹੈ ਕਿ ਮੈਜਸ਼ਰ ਨੇ ਕੈਨੇਡੀਅਨ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਚੀਨ ਸਰਕਾਰ ਵਲੋਂ ਇਕ ਵਿਅਕਤੀ ਦੀ ਪਹਿਚਾਣ ਕਰਨ ਅਤੇ ਉਸ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ’ਚ ਯੋਗਦਾਨ ਪਾਇਆ। ਮੈਜਸ਼ਰ ਹਾਂਗਕਾਂਗ ’ਚ ਰਹਿ ਰਹੇ ਹਨ ਪਰ ਉਨ੍ਹਾਂ ਨੇ ਬਿ੍ਰਟਿਸ਼ ਕੋਲੰਬੀਆ ਆਰ. ਸੀ. ਐਮ. ਪੀ. ਅਧਿਕਾਰੀ ਦੇ ਰੂਪ ’ਚ ਨਸ਼ੀਲੀਆਂ ਦਵਾਈਆਂ ਅਤੇ ਵਿੱਤੀ ਅਪਰਾਧਾਂ ’ਚ ਮੁਹਾਰਤ ਸਮੇਤ ਵੱਖ-ਵੱਖ ਭੂਮਿਕਾਵਾਂ ’ਚ ਨਿਭਾਈਆਂ ਸਨ। ਉਨ੍ਹਾਂ ਨੇ ਆਰ. ਸੀ. ਐਮ. ਪੀ. ’ਚ ਸਾਲ 1985 ਤੋਂ ਲੈ ਕੇ 2007 ਤੱਕ ਕੰਮ ਕੀਤਾ।