ਬਾਇਡਨ ਵਲੋਂ ਯੂਕਰੇਨ ਨੂੰ 325 ਮਿਲੀਅਨ ਡਾਲਰ ਦੀ ਵਾਧੂ ਫੌਜੀ ਸਹਾਇਤਾ ਦੇਣ ਦਾ ਐਲਾਨ

Washington-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨਾਲ ਵ੍ਹਾਈਟ ਹਾਊਸ ਦੀ ਮੀਟਿੰਗ ਦੌਰਾਨ ਯੂਕਰੇਨ ਨੂੰ 325 ਮਿਲੀਅਨ ਡਾਲਰ ਦੀ ਵਾਧੂ ਫੌਜੀ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ। ਇਸ ਰਾਹਤ ਪੈਕੇਜ ’ਚ ਹਵਾਈ ਰੱਖਿਆ ਸਮਰੱਥਾ, ਕਲੱਸਟਰ ਹਥਿਆਰ, ਐਂਟੀ-ਟੈਂਕ ਹਥਿਆਰ ਅਤੇ ਹੋਰ ਉਪਕਰਣ ਸ਼ਾਮਲ ਹਨ।
ਬਾਇਡਨ ਨੇ ਕਿਹਾ, ‘‘ਅੱਜ ਮੈਂ ਯੂਕਰੇਨ ਨੂੰ ਹੋਰ ਤੋਪਖਾਨੇ, ਵਧੇਰੇ ਗੋਲਾ-ਬਾਰੂਦ, ਹੋਰ ਟੈਂਕ ਵਿਰੋਧੀ ਹਥਿਆਰਾਂ ਸਮੇਤ ਯੂ.ਐੱਸ. ਸੁਰੱਖਿਆ ਸਹਾਇਤਾ ਦੀ ਅਗਲੀ ਕਿਸ਼ਤ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਅਗਲੇ ਹਫਤੇ, ਪਹਿਲੇ ਅਮਰੀਕੀ ਅਬਰਾਮ ਟੈਂਕ ਯੂਕਰੇਨ ਨੂੰ ਦਿੱਤੇ ਜਾਣਗੇ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਸਾਲ ਦੇ ਸਭ ਤੋਂ ਠੰਡੇ ਅਤੇ ਸਭ ਤੋਂ ਹਨੇਰੇ ਵਾਲੇ ਦਿਨਾਂ ਦੌਰਾਨ ਗਰਮੀ ਅਤੇ ਰੌਸ਼ਨੀ ਪ੍ਰਦਾਨ ਕਰਨ ਵਾਲੇ ਨਾਜ਼ੁਕ ਬੁਨਿਆਦੀ ਢਾਂਚੇ ਦੀ ਰੱਖਿਆ ਕਰਨ ਲਈ ਯੂਕਰੇਨ ਦੀਆਂ ਹਵਾਈ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨ ’ਤੇ ਵੀ ਧਿਆਨ ਕੇਂਦਰਿਤ ਕੀਤਾ ਹੈ।’’
ਬਾਇਡਨ ਵਲੋਂ ਇਹ ਐਲਾਨ ਜ਼ੈਲੈਂਸਕੀ ਦੀ ਵਾਸ਼ਿੰਗਟਨ, ਡੀ. ਸੀ. ਦੀ ਫੇਰੀ ਦੌਰਾਨ ਕੀਤੀ ਗਿਆ, ਜਿੱਥੇ ਉਨ੍ਹਾਂ ਨੇ ਹੋਰ ਸਹਾਇਤਾ ਲਈ ਸੰਸਦ ਮੈਂਬਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ। ਮੀਟਿੰਗ ਤੋਂ ਪਹਿਲਾਂ, ਯੂਰਪ ਲਈ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਸੀਨੀਅਰ ਨਿਰਦੇਸ਼ਕ, ਅਮਾਂਡਾ ਸਲੋਟ, ਨੇ ਐੱਮ. ਐੱਸ. ਐੱਨ. ਬੀ. ਸੀ. ਦੇ ‘ਐਂਡਰੀਆ ਮਿਸ਼ੇਲ ਰਿਪੋਰਟਾਂ’ ’ਤੇ ਸਹਾਇਤਾ ਪੈਕੇਜ ਬਾਰੇ ਚਰਚਾ ਕੀਤੀ।
ਸਲੋਟ ਨੇ ਕਿਹਾ ਕਿ ਇਹ ਚੌਥਾ ਪੈਕੇਜ ਹੈ, ਜਿਸ ਦਾ ਐਲਾਨ ਅਸੀਂ ਛੇ ਹਫ਼ਤਿਆਂ ’ਚ ਕੀਤਾ ਹੈ। ਉਨ੍ਹਾਂ ਕਿਹਾ ਕਿ ਹਵਾਈ ਰੱਖਿਆ ਸਭ ਤੋਂ ਮਹੱਤਵਪੂਰਨ ਸਮਰੱਥਾ ਹੈ, ਜਿਸ ਦੀ ਯੂਕਰੇਨ ਦੇ ਲੋਕਾਂ ਨੂੰ ਹੁਣ ਲੋੜ ਹੈ। ਸਲੋਟ ਨੇ ਅੱਗੇ ਕਿਹਾ ਕਿ ਨਵੇਂ ਪੈਕੇਜ ’ਚ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਸ਼ਾਮਿਲ ਨਹੀਂ ਹੋਣਗੀਆਂ, ਜੋ ਕਿ ਕਲੱਸਟਰ ਹਥਿਆਰਾਂ ਨਾਲ ਲੈਸ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਵਿੱਖ ’ਚ ਬਾਇਡਨ ਇਨ੍ਹਾਂ ਨੂੰ ਪ੍ਰਦਾਨ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ ਹਨ। ਦੱਸ ਦਈਏ ਕਿ ਇਹ ਪੈਕੇਜ ਉਸ ਵਾਧੂ 24 ਬਿਲੀਅਨ ਡਾਲਰ ਤੋਂ ਵੱਖਰਾ ਹੈ, ਜਿਸ ਨੂੰ ਰਾਸ਼ਟਰਪਤੀ ਚਾਹੁੰਦੇ ਹਨ ਕਿ ਕਾਂਗਰਸ ਯੂਕਰੇਨ ਲਈ ਮਨਜ਼ੂਰੀ ਦੇਵੇ।