ਆਤਿਸ਼ੀ ਦਾ ਬਿਆਨ, “ਚੋਣ ਬਾਂਡ ਘੁਟਾਲੇ ਲਈ 4 ਜੂਨ ਤੋਂ ਬਾਅਦ ਜੇਲ ਜਾਣਗੇ ਭਾਜਪਾ ਆਗੂ”

ਡੈਸਕ- ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਕਿਹਾ ਕਿ ਜੇਕਰ ਇੰਡੀਆ ਗਠਜੋੜ ਦੀ ਸਰਕਾਰ ਬਣੀ ਤਾਂ ਦੇਸ਼ ਦੇ ਸੱਭ ਤੋਂ ਵੱਡੇ ਘੁਟਾਲੇ ਚੋਣ ਬਾਂਡ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਵਿਚ ਸ਼ਾਮਲ ਭਾਜਪਾ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਜੇਲ ਭੇਜਿਆ ਜਾਵੇਗਾ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਆਤਿਸ਼ੀ ਨੇ ਕਿਹਾ, ”ਮੈਂ ਭਾਜਪਾ ਨੂੰ ਸਪੱਸ਼ਟ ਤੌਰ ‘ਤੇ ਦੱਸਣਾ ਚਾਹੁੰਦੀ ਹਾਂ ਕਿ ਹੁਣ ਤੁਹਾਡਾ ਅੰਤ ਨੇੜੇ ਹੈ। ਹੁਣ ਦੇਸ਼ ਦੇ ਲੋਕਾਂ ਨੇ ਅਪਣਾ ਮਨ ਬਣਾ ਲਿਆ ਹੈ। 4 ਜੂਨ ਤੋਂ ਬਾਅਦ ਜਦੋਂ ਇੰਡੀਆ ਗਠਜੋੜ ਦੀ ਸਰਕਾਰ ਬਣੀ ਤਾਂ ਦੇਸ਼ ਦੇ ਸੱਭ ਤੋਂ ਵੱਡੇ ਚੋਣ ਬਾਂਡ ਘੁਟਾਲੇ ਦੀ ਜਾਂਚ ਕੀਤੀ ਜਾਵੇਗੀ, ਜਿਸ ਵਿਚ ਨਾ ਸਿਰਫ਼ ਭਾਜਪਾ ਆਗੂ ਜੇਲ ਜਾਣਗੇ ਬਲਕਿ ਈਡੀ, ਸੀਬੀਆਈ ਅਤੇ ਆਈਟੀ ਅਧਿਕਾਰੀ ਵੀ ਜੇਲ ਜਾਣਗੇ ਕਿਉਂਕਿ ਉਹ ਵੀ ਇਸ ਵਿਚ ਸ਼ਾਮਲ ਹਨ”।

ਉਨ੍ਹਾਂ ਕਿਹਾ ਕਿ ਦਿੱਲੀ ਹਾਈ ਕੋਰਟ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿਤੀ ਹੈ। ਅਸੀਂ ਸਤਿਕਾਰ ਨਾਲ ਇਸ ਫੈਸਲੇ ਨਾਲ ਅਸਹਿਮਤ ਹਾਂ। ਉਨ੍ਹਾਂ ਕਿਹਾ ਕਿ ਇਹ ਅਖੌਤੀ ਸ਼ਰਾਬ ਘੁਟਾਲਾ ਸਿਰਫ਼ ਇਕ ਸਿਆਸੀ ਸਾਜ਼ਿਸ਼ ਹੈ, ਜਿਸ ਦਾ ਉਦੇਸ਼ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਹੈ। ਇਸ ਮਾਮਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਛਾਪੇ ਮਾਰੇ ਗਏ ਪਰ ਅੱਜ ਤਕ ਇਕ ਰੁਪਇਆ ਵੀ ਨਹੀਂ ਮਿਲਿਆ ਪਰ ਫਿਰ ਵੀ ‘ਆਪ’ ਆਗੂਆਂ ’ਤੇ ਝੂਠੇ ਦੋਸ਼ ਲਾ ਕੇ ਜੇਲ ਭੇਜਿਆ ਜਾ ਰਿਹਾ ਹੈ।

ਆਤਿਸ਼ੀ ਨੇ ਕਿਹਾ ਕਿ ਇਹ ਪੂਰਾ ਮਾਮਲਾ ਦਬਾਅ ਹੇਠ ਲਏ ਬਿਆਨਾਂ ‘ਤੇ ਆਧਾਰਿਤ ਹੈ। ਗਵਾਹਾਂ ‘ਤੇ ਆਮ ਆਦਮੀ ਪਾਰਟੀ ਅਤੇ ਸਾਡੇ ਨੇਤਾਵਾਂ ਦੇ ਖਿਲਾਫ ਬਿਆਨ ਦੇਣ ਲਈ ਦਬਾਅ ਪਾਇਆ ਜਾਂਦਾ ਹੈ। ਜਿਵੇਂ ਹੀ ਗਵਾਹ ਈਡੀ ਦੇ ਮੁਤਾਬਕ ਆਪ ਨੇਤਾਵਾਂ ਦੇ ਖਿਲਾਫ ਬਿਆਨ ਦਿੰਦੇ ਹਨ, ਉਨ੍ਹਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ। ਇਕ ਗਵਾਹ ਨੇ ਅਦਾਲਤ ਨੂੰ ਇਥੋਂ ਤਕ ਕਿਹਾ ਕਿ ‘ਆਪ’ ਆਗੂਆਂ ਖ਼ਿਲਾਫ਼ ਬਿਆਨ ਦੇਣ ਲਈ ਉਸ ਦੀ ਕੁੱਟਮਾਰ ਕੀਤੀ ਗਈ ਸੀ।