ਚੰਡੀਗੜ੍ਹ- ਪੀ.ਐੱਮ ਮੋਦੀ ਦੀ ਸੁਰੱਖਿਆ ਦਾ ਮਾਮਲਾ ਭੱਖਦਾ ਹੀ ਜਾ ਰਿਹਾ ਹੈ.ਇਸ ਮੁੱਦੇ ਨੂੰ ਲੈ ਕੇ ਪੰਜਾਬ ਭਾਜਪਾ ਦੇ ਨੇਤਾਵਾਂ ਦੇ ਇੱਕ ਵਫਦ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ.ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸਮੇਤ ਕਈ ਨੇਤਾਵਾਂ ਨੇ ਰਾਜਪਾਲ ਨੂੰ ਮਿਲ ਬੀਤੇ ਦਿਨ ਹੋਈ ਘਟਨਾ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ.
ਭਾਜਪਾ ਦੇ ਨੇਤਾਵਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਕੀਤੇ ਗਏ ਮਾੜੇ ਸਲੂਕ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਸਾਜਿਸ਼ਕਰਤਾ ਦੱਸਿਆ ਹੈ.ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੀ.ਐੱਮ ਦੀ ਸੁਰੱਖਿਆ ਚ ਚੂਕ ਲਈ ਰਾਜਪਾਲ ਤੋਂ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਡੀ.ਜੀ.ਪੀ ਸਿਧਾਰਥ ਚਟੋਪਾਧਿਆਏ ਦੀ ਬਰਖਾਸਤਗੀ ਦੀ ਮੰਗ ਕੀਤੀ ਹੈ.ਸ਼ਰਮਾ ਨੇ ਕਿਹਾ ਕੀ ਪੰਜਾਬ ਸਰਕਾਰ ਵਲੋਂ ਇਕ ਸਾਜਿਸ਼ ਦੇ ਤਹਿਤ ਪ੍ਰਧਾਨ ਮੰਤਰੀ ਦੇ ਰੂਟ ਪਲਾਨ ਨੂੰ ਲੀਕ ਕੀਤਾ ਗਿਆ.ਇਹ ਕਿਵੇਂ ਹੋ ਗਿਆ ਕੀ ਪ੍ਰਧਾਨ ਮੰਤਰੀ ਦੇ ਕਾਫਿਲੇ ਦੇ ਵਿੱਚ ਸੂਬੇ ਦੇ ਡੀ.ਜੀ.ਪੀ ਵੀ ਨਹੀਂ ਸਨ.
ਭਾਜਪਾ ਨੇਤਾਵਾਂ ਨੇ ਮੁੱਖ ਮੰਤਰੀ ਚੰਨੀ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕੀ ਚੀਫ ਸਕੱਤਰ ਅਤੇ ਡੀ.ਜੀ.ਪੀ ਦੀ ਮੰਜ਼ੂਰੀ ਤੋਂ ਬਾਅਦ ਪੀ.ਐੱਮ ਦੇ ਕਾਫਿਲੇ ਨੂੰ ਸੜਕ ਮਾਰਗ ਰਾਹੀਂ ਭੇਜਿਆ ਗਿਆ.ਸ਼ਰਮਾ ਨੇ ਇਸ ਸਾਰੀ ਘਟਨਾ ਨੂੰ ਇੱਕ ਵੱਡੀ ਸਾਜਿਸ਼ ਦੱਸਿਆ ਹੈ.ਭਾਜਪਾ ਨੇਤਾਵਾਂ ਵਲੋਂ ਪੰਜਾਬ ‘ਚ ਰਾਸ਼ਟਰਪਤੀ ਸ਼ਾਸਨ ਨੂੰ ਲੈ ਕੇ ਕੋਈ ਵੀ ਮੰਗ ਨਹੀਂ ਕੀਤੀ ਹੈ.